ਹਰਜੀਤ ਸਿੰਘ
ਜ਼ੀਰਕਪਰ, 21 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਦੀ ਯੂਨਿਟ ਤਿੰਨ ਰੁਪਏ ਸਸਤੀ ਕਰਨ ਦਾ ਜ਼ੀਰਕਪੁਰ ਵਾਸੀਆਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਪਾਵਰਕੌਮ ਵੱਲੋਂ ਸ਼ਹਿਰ ਵਾਸੀਆਂ ਨੂੰ ਲੰਘੇ ਤਿੰਨ ਮਹੀਨੇ ਤੋਂ ਬਿਜਲੀ ਦੇ ਬਿੱਲ ਹੀ ਨਹੀਂ ਭੇਜੇ ਗਏ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਉਨ੍ਹਾਂ ਨੂੰ ਇਸ ਯੋਜਨਾ ਹੇਠ ਲਾਭ ਮਿਲ ਰਿਹਾ ਹੈ ਜਾਂ ਨਹੀਂ।
ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਪਾਵਰਕੌਮ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਵੇਲੇ ਇਥੋਂ ਦੀ ਸਰਵ ਮੰਗਲ ਸੁਸਾਇਟੀ ਅਤੇ ਸ਼ਰਮਾ ਅਸਟੇਟ ਸਣੇ ਲੋਹਗੜ੍ਹ ਖੇਤਰ ਵਿੱਚ ਕਾਫੀ ਸੁਸਾਇਟੀਆਂ ਦੇ ਬਿੱਲ ਲੰਮੇ ਸਮੇ ਤੋਂ ਲਟਕੇ ਪਏ ਹਨ। ਸ਼ਹਿਰ ਵਾਸੀ ਆਸ਼ਾ ਰਾਮ, ਗੁਰਮੀਤ ਕੌਰ, ਚੰਦਰ ਭਾਨ ਤਿਵਾੜੀ, ਦਿਵਾਕਰ ਤਿਵਾੜੀ, ਬੀਰੂ ਸਿੰਘ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਬਿਜਲੀ ਸਸਤੀ ਕਰਨ ਦਾ ਐਲਾਨ ਕਰ ਕੇ ਪੂਰੇ ਸੂਬੇ ਵਿੱਚ ਵਾਹ ਵਾਹੀ ਖੱਟੀ ਜਾ ਰਹੀ ਹੈ। ਦੂਜੇ ਪਾਸੇ ਜ਼ੀਰਕਪੁਰ ਦੇ ਕੁਝ ਖੇਤਰਾਂ ਵਿੱਚ ਲੰਮੇ ਸਮੇ ਤੋਂ ਬਿਜਲੀ ਦੇ ਬਿੱਲ ਹੀ ਨਹੀਂ ਭੇਜੇ ਜਾ ਰਹੇ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਕੋਲ ਘੱਟ ਕੀਤੀ ਯੂਨਿਟ ਤਹਿਤ ਇਕ ਇਕ ਬਿੱਲ ਜ਼ਰੂਰ ਮਿਲਣਾ ਚਾਹੀਦਾ ਹੈ ਪਰ ਜ਼ੀਰਕਪੁਰ ਸ਼ਹਿਰ ਵਿੱਚ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਇਸ ਸਕੀਮ ਤਹਿਤ ਲਾਭ ਮਿਲੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਾਵਰਕੌਮ ਇਕ ਸਾਜਿਸ਼ ਤਹਿਤ ਬਿਜਲੀ ਦੇ ਬਿੱਲ ਜਾਰੀ ਨਹੀਂ ਕਰ ਰਹੀ। ਕੁਝ ਮਹੀਨਿਆਂ ਬਾਅਦ ਸੂਬੇ ਵਿੱਚ ਚੋਣ ਜ਼ਾਬਤਾ ਲੱਗ ਜਾਣਾ ਹੈ ਜਿਸ ਮਗਰੋਂ ਕਿਸੇ ਨੇ ਉਨ੍ਹਾਂ ਦੀ ਸੁਣਵਾਈਂ ਨਹੀਂ ਕਰਨੀ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਰੁਕੇ ਹੋਏ ਬਿੱਲ ਛੇਤੀ ਜਾਰੀ ਕਰਨੇ ਚਾਹੀਦੇ ਹਨ ਤਾਂ ਕਿ ਉਹ ਇਸ ਸਕੀਮ ਦਾ ਲਾਹਾ ਲੈ ਸਕਣ।
ਬਿੱਲ ਨਾ ਆਉਣ ਦੀ ਸਮੱਸਿਆ ਜਲਦੀ ਦੂਰ ਹੋਵੇਗੀ: ਐਕਸੀਅਨ
ਪਾਵਰਕੌਮ ਦੇ ਐਕਸੀਅਨ ਖ਼ੁਸ਼ਿਵੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਇਸ ਸਕੀਮ ਹੇਠ ਆਉਣ ਵਾਲੇ ਸਾਰੇ ਖਪਤਕਾਰਾਂ ਨੂੰ ਲਾਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁਝ ਖੇਤਰਾਂ ਵਿੱਚ ਬਿੱਲ ਦੀ ਦਿੱਕਤ ਆ ਰਹੀ ਹੈ ਤਾਂ ਇਸ ਦੀ ਜਾਂਚ ਕਰਵਾ ਕੇ ਠੀਕ ਕਰਵਾ ਦਿੱਤਾ ਜਾਏਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਕੀਤੇ ਤਿੰਨ ਰੁਪਏ ਯੂਨਿਟ ਤਹਿਤ ਹੀ ਬਿੱਲ ਭੇਜੇ ਜਾਣਗੇ।ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਮੋਟੇ ਬਿੱਲ ਭਰ ਕੇ ਉਹ ਆਰਥਿਕ ਪੱਖੋਂ ਹੋਲੇ ਹੋ ਗਏ ਹਨ। ਕਰੋਨਾ ਕਾਰਨ ਜਿਥੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ ਉਥੇ ਪਾਵਰਕੌਮ ਵੱਲੋਂ ਵਾਧੂ ਬਿੱਲ ਭੇਜ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।