ਹਰਜੀਤ ਸਿੰਘ
ਜ਼ੀਰਕਪੁਰ, 4 ਦਸੰਬਰ
ਸਬ ਡਿਵੀਜ਼ਨ ਦੇ ਅਧੀਨ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਲੰਘੇ ਪੰਜ ਦਿਨਾਂ ਤੋਂ ਚੱਲ ਰਹੀ ਸਫਾਈ ਕਾਮਿਆਂ ਦੀ ਹੜਤਾਲ ਸ਼ੁੱਕਰਵਾਰ ਰਾਤ ਖੁੱਲ੍ਹਣ ਮਗਰੋਂ ਸ਼ਹਿਰ ਵਾਸਆਂ ਨੇ ਸੁੱਖ ਦਾ ਸਾਹ ਲਿਆ ਹੈ। ਲੰਘੀ ਰਾਤ ਕੌਂਸਲ ਪ੍ਰਧਾਨਾਂ ਵੱਲੋਂ ਸਥਾਨਕ ਸਰਕਾਰਾਂ ਵਿਭਾਗਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਹਦਾਇਤਾਂ ’ਤੇ ਪੰਜ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀ ਸਫਾਈ ਕਾਮਿਆਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਪੱਕਾ ਕਰਨ ਅਤੇ ਹੋਰ ਮੰਗਾਂ ਨੂੰ ਪੂਰੀ ਕਰਨ ਦਾ ਭਰੋਸਾ ਦੇਣ ਮਗਰੋਂ ਹੜਤਾਲ ਖੁੱਲ੍ਹਵਾਈ ਗਈ। ਜ਼ਿਕਰਯੋਗ ਹੈ ਕਿ ਸਫਾਈ ਕਾਮਿਆਂ ਦੀ ਹੜਤਾਲ ਨਾਲ ਸ਼ਹਿਰ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗ ਗਏ ਸਨ। ਇਸ ਕਾਰਨ ਸਭ ਤੋਂ ਵਧ ਪ੍ਰੇਸ਼ਾਨੀ ਇਥੋਂ ਦੀ ਢਕੋਲੀ ਸੜਕ ’ਤੇ ਬਣੀ ਹੋਈ ਸੀ ਜਿਥੇ ਨਿਯਮਿਤ ਸਾਫ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਸੀ। ਕੂੜੇ ਦੇ ਢੇਰ ਸੜਕ ਤੱਕ ਪਹੁੰਚ ਗਏ ਸੀ ਜਿਸ ਕਾਰਨ ਸੜਕ ’ਤੇ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੰਗਾਂ ਪੂਰੀ ਹੋਣ ਮਗਰੋਂ ਅੱਜ ਸਫਾਈ ਕਾਮੇ ਕੰਮ ’ਤੇ ਪਰਤ ਆਏ। ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਛੇਤੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਨਿਯੁਕਤੀ ਪੱਤਰ ਸੌਂਪੇ ਜਾਣਗੇ।