ਹਰਜੀਤ ਸਿੰਘ
ਜ਼ੀਰਕਪੁਰ, 3 ਸਤੰਬਰ
ਪੁਲੀਸ ਨੇ ਸੁਰੱਖਿਆ ਦੇ ਮਦੇਨਜ਼ਰ ਅੱਜ ਸ਼ਹਿਰ ਵਿੱਚ ਸਥਿਤ ਝੁੱਗੀ-ਝੋਂਪੜੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਅੱਠ ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਅਤੇ ਤਸੱਲੀ ਹੋਣ ਮਗਰੋਂ ਛੱਡ ਦਿੱਤਾ।
ਡੀਐੱਸਪੀ ਜ਼ੀਰਕਪੁਰ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਵੱਲੋਂ ਅੱਜ ਸ਼ਹਿਰ ਦੇ ਸਲੱਮ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਪਟਿਆਲਾ ਰੋਡ ’ਤੇ ਸਥਿਤ ਹਾਈ ਗਰਾਊਂਡ ਨੇੜੇ ਵੱਸੀ ਝੁੱਗੀ ਝੋਂਪੜੀਆਂ ਅਤੇ ਭਬਾਤ ਗੁਦਾਮ ਖੇਤਰ ਵਿੱਚ ਝੁੱਗੀ ਝੋਪੜੀਆਂ ਵਿੱਚ ਸਵੇਰ ਵੇਲੇ ਤਲਾਸ਼ੀ ਮੁਹਿੰਮ ਚਲਾਈ। ਥਾਣਾ ਮੁਖੀ ਦੀ ਅਗਵਾਈ ਹੇਠ ਪੁਲੀਸ ਨੇ ਅੱਜ ਤੜਕੇ ਦੋਹਾਂ ਥਾਵਾਂ ’ਤੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਲਈ। ਇਸ ਦੌਰਾਨ ਪੁਲੀਸ ਨੇ ਨਾ ਤਾਂ ਕਿਸੇ ਵਿਅਕਤੀ ਨੂੰ ਅੰਦਰ ਦਾਖਲ ਹੋਣ ਦਿੱਤਾ ਤੇ ਨਾ ਹੀ ਕਿਸੇ ਨੂੰ ਬਾਹਰ ਜਾਣ ਦਿੱਤਾ।
ਪੁਲੀਸ ਨੇ ਹਰੇਕ ਝੁੱਗੀ ਦੀ ਤਲਾਸ਼ੀ ਲੈਣ ਤੋਂ ਇਲਾਵਾ ਉੱਥੇ ਰਹਿਣ ਵਾਲੇ ਲੋਕਾਂ ਦੇ ਸਨਾਖ਼ਤੀ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਦੌਰਾਨ ਦੋਹਾਂ ਥਾਵਾਂ ’ਤੇ ਅੱਠ ਵਿਅਕਤੀ ਆਪਣੇ ਪਛਾਣ ਪੱਤਰ ਜਾਂ ਹੋਰ ਸਨਾਖ਼ਤੀ ਕਾਰਡ ਨਹੀਂ ਦਿਖਾ ਸਕੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ ਗਿਆ। ਬਾਅਦ ਵਿੱਚ ਤਸੱਲੀ ਹੋਣ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭੈੜੇ ਅਨਸਰਾਂ ਦੀ ਭਾਲ ਲਈ ਪੁਲੀਸ ਵੱਲੋਂ ਸ਼ਹਿਰ ਵਿੱਚ ਲਗਾਤਾਰ ਵੱਖ‘ਵੱਖ ਖੇਤਰਾਂ ਵਿੱਚ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਵੀਆਈਪੀ ਰੋਡ ’ਤੇ ਸਥਿਤ ਪੈਂਟਾ ਹੋਮਸ, ਰੇਲਵੇ ਵਿਹਾਰ ਅਤੇ ਨਿਰਮਲ ਛਾਇਆ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਚੁੱਕੀ ਹੈ।