ਹਰਜੀਤ ਸਿੰਘ
ਜ਼ੀਰਕਪੁਰ, 10 ਮਈ
ਕਰੋਨਾ ਮਹਾਮਾਰੀ ਨੂੰ ਦੇਖਦਿਆਂ ਨਗਰ ਕੌਂਸਲ ਦੀ ਹੰਗਾਮੀ ਮੀਟਿੰਗ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਰੋਨਾ ਨਾਲ ਨਿਪਟਣ ਲਈ ਸ਼ਹਿਰ ’ਚ 100 ਬੈੱਡ ਦਾ ਆਈਸੋਲੇਸ਼ਨ ਸੈਂਟਰ ਸਥਾਪਤ ਕਰਨ ਤੋਂ ਇਲਾਵਾ ਅਹਿਮ ਮਤੇ ਪਾਸ ਕੀਤੇ ਗਏ।
ਪ੍ਰਧਾਨ ਸ੍ਰੀ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰ ਵਿੱਚ ਲੈਵਲ 1 ਦੇ ਕਰੋਨਾ ਮਰੀਜ਼ਾਂ ਲਈ 100 ਬੈੱਡ ਦਾ ਆਈਸੋਲੇਸ਼ਨ ਸੈਂਟਰ ਸਥਾਪਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਦੋ ਥਾਵਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਪਿੰਡ ਛੱਤ ਦਾ ਕਮਿਊਨਿਟੀ ਸੈਂਟਰ ਜਾਂ ਪਿੰਡ ਕਿਸ਼ਨਪੁਰਾ ਦੇ ਬਾਹਰਲੇ ਪਾਸੇ ਸਥਿਤ ਮੈਰਿਜ ਪੈਲੇਸ ਦੀ ਚੋਣ ਕੀਤੀ ਗਈ ਹੈ। ਨੋਡਲ ਅਫਸਰ ਐਸ.ਡੀ.ਐਮ. ਡੇਰਾਬੱਸੀ ਕੁਲਦੀਪ ਬਾਵਾ ਇਨ੍ਹਾਂ ਵਿਚੋਂ ਇੱਕ ਥਾਂ ਨੂੰ ਫਾਈਨਲ ਕਰਨਗੇ। ਕੌਂਸਲ ਵੱਲੋਂ ਆਈਸੋਲੇਸ਼ਨ ਸੈਂਟਰ ਲਈ 20 ਲੱਖ ਰੁਪਏ ਖਰਚ ਕੀਤਾ ਜਾਏਗਾ। ਇਸੇ ਤਰ੍ਹਾਂ ਸ਼ਹਿਰ ਵਿੱਚ ਕਰੋਨਾ ਨਾਲ ਮਰੀਜ਼ਾਂ ਦੀ ਮੌਤਾਂ ਨੂੰ ਦੇਖਦਿਆਂ ਹੋਏ ਬਿਜਲਈ ਸਸਕਾਰ ਮਸ਼ੀਨ ਸਥਾਪਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ, ਜਸ ਲਈ ਫਿਲਹਾਲ ਪਿੰਡ ਛੱਤ ਦੇ ਸਮਸ਼ਾਨਘਾਟ ਦੀ ਚੋਣ ਕੀਤੀ ਗਈ ਹੈ। ਇਸ ਕੰਮ ’ਤੇ 93 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਪਰਿਵਾਰਾਂ ਦੀ ਮਦਦ ਲਈ 20 ਲੱਖ ਰੁਪਏ ਦੀ ਕਿੱਟਾਂ ਵੰਡੀਆਂ ਜਾਣਗੀਆਂ।
ਦੂਜੇ ਪਾਸੇ ਮੀਟਿੰਗ ਦੌਰਾਨ ਅਕਾਲੀ ਦਲ ਦੇ ਕੌਂਸਲਰਾਂ ਯਾਦਵਿੰਦਰ ਸ਼ਰਮਾ, ਧਰਮਿੰਦਰ ਸ਼ਰਮਾ ਆਦਿ ਨੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਕਰੋਨਾ ਲਈ ਕਰਨ ਵਾਲੇ ਪ੍ਰਬੰਧਾਂ ਵਿੱਚ ਵੀ ਭ੍ਰਿਸ਼ਟਾਚਾਰ ਕਰਨ ਲਈ ਹਰੇਕ ਚੀਜ ਦਾ ਵਾਧੂ ਬਜਟ ਬਣਾਇਆ ਗਿਆ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਮੀਟਿੰਗ ਦੌਰਾਨ ਆਪਣੇ ਤਰਕ ਦਿੱਤੇ।