ਹਰਜੀਤ ਸਿੰਘ
ਜ਼ੀਰਕਪੁਰ, 15 ਦਸੰਬਰ
ਜ਼ੀਰਕਪੁਰ ਫਲਾਈਓਵਰ ਦਾ ਸੁੰਦਰੀਕਰਨ ਪ੍ਰਾਜੈਕਟ ਪੰਜ ਸਾਲਾਂ ਬਾਅਦ ਵੀ ਵਿਚਾਲੇ ਲਟਕ ਰਿਹਾ ਹੈ। ਇਸ ਪ੍ਰਾਜੈਕਟ ਦਾ ਐਲਾਨ ਪੰਜਾਬ ਸਰਕਾਰ ਵੱਲੋਂ 2016 ਵਿੱਚ ਕੀਤਾ ਗਿਆ ਸੀ ਅਤੇ 14 ਫਰਵਰੀ, 2019 ਨੂੰ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਪ੍ਰਾਜੈਕਟ ਚਾਲੂ ਕਰਵਾਇਆ ਸੀ। ਕੰਮ ਚਾਲੂ ਹੋਣ ਦੇ ਦੋ ਸਾਲ ਬਾਅਦ ਵੀ ਪ੍ਰਾਜੈਕਟ ਮੁਕੰਮਲ ਨਹੀਂ ਹੋਇਆ।
ਸਰਕਾਰ ਵੱਲੋਂ ਜ਼ੀਰਕਪੁਰ ਨੂੰ ਗੇਟਵੇਅ ਆਫ਼ ਪੰਜਾਬ ਵਜੋਂ ਵਿਕਸਤ ਕਰਨ ਲਈ ਜ਼ੀਰਕਪੁਰ ਨੂੰ ਨਵੀਂ ਦਿਖ ਦੇਣ ਲਈ 2016 ਵਿੱਚ ਫਲਾਈਓਵਰ ਦਾ ਸੁੰਦਰੀਕਰਨ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ। ਐਲਾਨ ਤੋਂ ਤਿੰਨ ਸਾਲ ਬਾਅਦ ਵੀ ਇਸ ਦਾ ਕੰਮ ਚਾਲੂ ਨਹੀਂ ਹੋਇਆ। ਸਾਲ 2019 ਵਿੱਚ ਬੀਬੀ ਪ੍ਰਨੀਤ ਕੌਰ ਨੇ ਇਸ ਦਾ ਕੰਮ ਚਾਲੂ ਕਰਵਾਉਂਦੇ ਹੋਏ ਇਕ ਸਾਲ ਵਿੱਚ ਪ੍ਰਾਜੈਕਟ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ। ਇਹ ਪ੍ਰਾਜੈਕਟ ਲਗਾਤਾਰ ਤੈਅ ਸਮੇਂ ਤੋਂ ਪੱਛੜਦਾ ਰਿਹਾ। ਯੋਜਨਾ ਮੁਤਾਬਕ 2.7 ਕਿਲੋਮੀਟਰ ਲੰਬੇ ਫਲਾਈਓਵਰ ਦਾ ਸੁੰਦਰੀਕਰਨ ਚਾਰ ਪੜਾਆਂ ਵਿੱਚ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਹੋਣਾ ਸੀ। ਫਲਾਈਓਵਰ ਦੇ ਪਿੱਲਰਾਂ ਨੂੰ ਪੇਂਟ ਕਰਨਾ, ਹੇਠਾਂ ਪੇਵਰ ਬਲਾਕ ਲਾਉਣਾ, ਫੁੱਲ ਬੂਟੇ ਲਾਉਣਾ, ਲੋਕਾਂ ਦੇ ਬੈਠਣ ਲਈ ਬੈਂਚ, ਜਨਤਕ ਪਖਾਨੇ, ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਮੂਰਤੀਆਂ ਲਾਉਣਾ, ਫੈਂਸੀ ਲਾਈਟਾਂ ਅਤੇ ਲੋਹੇ ਦੀ ਗਰਿੱਲ ਲਾਉਣਾ ਸ਼ਾਮਲ ਹੈ।
ਪ੍ਰਾਜੈਕਟ ਦੇ ਤਿੰਨ ਪੜਾਅ ਮੁਕੰਮਲ: ਕਾਰਜਸਾਧਕ ਅਫਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਸੁੰਦਰੀਕਰਨ ਦੇ ਤਿੰਨ ਪੜਾਅ ਪੂਰੇ ਹੋ ਗਏ ਹਨ ਜਦਕਿ ਚੌਥੇ ਪੜਾਅ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਪ੍ਰਾਜੈਕਟ ਵਿੱਚ ਖੜ੍ਹੋਤ ਆਈ ਸੀ ਪਰ ਹੁਣ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੰਮ ਛੇਤੀ ਪੂਰਾ ਕਰ ਲਿਆ ਜਾਏਗਾ।