ਹਰਜੀਤ ਸਿੰਘ
ਜ਼ੀਰਕਪੁਰ, 7 ਜੂਨ
ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਜ਼ੀਰਕਪੁਰ ਫਲਾਈਓਵਰ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਦਾ ਐਲਾਨ ਹੋਣ ਦੇ ਛੇ ਸਾਲਾਂ ਬਾਅਦ ਵੀ ਵਿਚਾਲੇ ਲਟਕ ਰਿਹਾ ਹੈ। ਇਸ ਪ੍ਰਾਜੈਕਟ ਦਾ ਐਲਾਨ ਛੇ ਸਾਲ ਪਹਿਲਾਂ ਸਾਲ 2016 ਵਿੱਚ ਹੋਇਆ ਸੀ ਅਤੇ ਸਾਲ 2019 ਵਿੱਚ 14 ਫਰਵਰੀ ਨੂੰ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਇਸਦਾ ਕੰਮ ਚਾਲੂ ਕਰਵਾਇਆ ਗਿਆ ਸੀ। ਕੰਮ ਚਾਲੂ ਹੋਣ ਦੇ ਤਿੰਨ ਸਾਲ ਬਾਅਦ ਵੀ ਇਸਦਾ ਕੰਮ ਹਾਲੇ ਮੁਕੰਮਲ ਨਹੀਂ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜ਼ੀਰਕਪੁਰ ਨੂੰ ਗੇਟਵੇਅ ਆਫ਼ ਪੰਜਾਬ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਫਲਾਈਓਵਰ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ। ਸਾਲ 2016 ਵਿੱਚ ਇਸ ਯੋਜਨਾ ਨੂੰ ਤਿਆਰ ਕਰਦਿਆਂ ਇਸ ਦੇ ਸੁੰਦਰੀਕਰਨ ਦਾ ਐਲਾਨ ਕੀਤਾ ਗਿਆ ਸੀ। ਐਲਾਨ ਤੋਂ ਤਿੰਨ ਸਾਲ ਬਾਅਦ ਵੀ ਇਸਦਾ ਕੰਮ ਚਾਲੂ ਨਹੀਂ ਹੋਇਆ। ਸਾਲ 2019 ਵਿੱਚ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਇਸਦਾ ਕੰਮ ਚਾਲੂ ਕਰਵਾਉਂਦਿਆਂ ਇੱਕ ਸਾਲ ਵਿੱਚ ਇਸਦਾ ਕੰਮ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ। ਇਸਦਾ ਕੰਮ ਲਗਾਤਾਰ ਤੈਅ ਸਮੇਂ ਤੋਂ ਪਛੜਦਾ ਰਿਹਾ। ਸਿੱਟੇ ਵਜੋਂ ਕੰਮ ਚਾਲੂ ਹੋਣ ਦੇ ਤਿੰਨ ਸਾਲ ਬਾਅਦ ਵੀ ਇਹ ਪ੍ਰਾਜੈਕਟ ਹਾਲੇ ਤੱਕ ਵਿਚਾਲੇ ਲਟਕ ਰਿਹਾ ਹੈ। ਯੋਜਨਾ ਮੁਤਾਬਕ 2.7 ਕਿਲੋਮੀਟਰ ਲੰਮੇ ਫਲਾਈਓਵਰ ਦਾ ਸੁੰਦਰੀਕਰਨ ਚਾਰ ਪੜਾਵਾਂ ਵਿੱਚ ਤਕਰੀਬਨ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਹੋਣਾ ਸੀ। ਯੋਜਨਾ ਮੁਤਾਬਕ ਫਲਾਈਓਵਰ ਦੇ ਪਿੱਲਰਾਂ ਨੂੰ ਪੇਂਟ ਕਰਨਾ, ਹੇਠਾਂ ਪੇਵਰ ਬਲਾਕ ਲਾਉਣਾ, ਫੁੱਲ ਬੂਟੇ ਲਾਉਣਾ, ਲੋਕਾਂ ਦੇ ਬੈਠਣ ਲਈ ਬੈਂਚ, ਜਨਤਕ ਪਖਾਨੇ, ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਮੂਰਤੀਆਂ ਲਾਉਣਾ, ਰੌਸ਼ਨੀ ਲਈ ਫੈਂਸੀ ਲਾਈਟਾਂ ਅਤੇ ਸੁਰੱਖਿਆ ਲਈ ਇਸਦੇ ਦੋਵੇਂ ਪਾਸੇ ਲੋਹੇ ਦੀ ਗਰਿੱਲ ਲਾਉਣਾ ਸ਼ਾਮਲ ਹੈ।
ਚੌਥੇ ਪੜਾਅ ਦਾ ਕੰਮ ਹੀ ਬਾਕੀ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਤਿੰਨ ਪੜਾਅ ਪੂਰੇ ਹੋ ਗਏ ਹਨ ਜਦਕਿ ਚੌਥੇ ਪੜਾਅ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਕੰਮ ਵਿੱਚ ਖੜੋਤ ਆ ਗਈ ਸੀ ਪਰ ਹੁਣ ਇਹ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ।