ਹਰਜੀਤ ਸਿੰਘ
ਜ਼ੀਰਕਪੁਰ, 20 ਸਤੰਬਰ
ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਦਾ ਭਾਰ ਵਧਦਾ ਜਾ ਰਿਹਾ ਹੈ। ਸ਼ਹਿਰ ਦੀ ਮੁੱਖ ਸੜਕਾਂ ਤੋਂ ਸ਼ਹਿਰਵਾਸੀਆਂ ਨੂੰ ਹਰ ਵੇਲੇ ਲੱਗਣ ਵਾਲੇ ਜਾਮ ਤੋਂ ਹਾਲੇ ਰਾਹਤ ਨਹੀਂ ਮਿਲੀ ਸੀ ਕਿ ਅੰਦਰੂਨੀ ਸੜਕਾਂ ਨੂੰ ਵੀ ਜਾਮ ਨੇ ਘੇਰ ਲਿਆ ਹੈ।
ਜਾਣਕਾਰੀ ਅਨੁਸਾਰ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ ਜਿਨ੍ਹਾਂ ਵਿੱਚ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ-ਪਟਿਆਲਾ ਅਤੇ ਪੰਚਕੂਲਾ ਸੜਕ ’ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਹੁਣ ਲੰਘੇ ਸਮੇਂ ਤੋਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਜਿਨ੍ਹਾਂ ਵਿੱਚ ਮੁਬਾਰਕਪੁਰ ਤੋਂ ਢਕੋਲੀ ’ਤੇ ਪੰਚਕੂਲਾ ਸੜਕ, ਵੀਆਈਪੀ ਰੋਡ, ਲੋਹਗੜ੍ਹ ਰੋਡ, ਸਿੰਘਪੁਰਾ ਰੋਡ ਅਤੇ ਨਗਲਾ ਰੋਡ ’ਤੇ ਆਵਾਜਾਈ ਇੰਨੀ ਵਧ ਗਈ ਹੈ ਕਿ ਇਨ੍ਹਾਂ ਸੜਕਾਂ ਤੋਂ ਲੰਘਣਾ ਔਖਾ ਹੋਇਆ ਪਿਆ ਹੈ। ਸਵੇਰ ਅਤੇ ਸ਼ਾਮ ਵੇਲੇ ਤਾਂ ਇਨ੍ਹਾਂ ਸੜਕਾਂ ਦਾ ਪੰਜ ਮਿੰਟ ਦਾ ਸਫਰ ਤੈਅ ਕਰਨ ਨੂੰ ਘੰਟਿਆਂਬੱਧੀ ਖੱਜਲ ਹੋਣਾ ਪੈਂਦਾ ਹੈ। ਇਸ ਵੇਲੇ ਸਭ ਤੋਂ ਵਧ ਦਿੱਕਤ ਢਕੋਲੀ ਸੜਕ ਦੀ ਬਣਦੀ ਜਾ ਰਹੀ ਹੈ। ਇਥੇ ਪੁਲੀਸ ਸਟੇਸ਼ਨ ਦੇ ਸਾਹਮਣੇ ਢਕੋਲੀ ਚੌਂਕ ’ਤੇ ਹਰ ਵੇਲੇ ਵਾਹਨਾਂ ਦਾ ਘੜਮੱਸ ਰਹਿੰਦਾ ਹੈ। ਇਥੇ ਸਭ ਤੋਂ ਵਧ ਦਿੱਕਤ ਉਸ ਵੇਲੇ ਆਉਂਦੀ ਹੈ ਜਦ ਰੇਲ ਗੱਡੀ ਲੰਘਾਉਣ ਲਈ ਢਕੋਲੀ ਫਾਟਕ ਨੂੰ ਬੰਦ ਕੀਤਾ ਜਾਂਦਾ ਹੈ। ਫਾਟਕ ਬੰਦ ਹੋਣ ਦੌਰਾਨ ਵਾਹਨਾਂ ਦੀ ਲਾਈਨ ਢਕੋਲੀ ਚੌਕ ਤੱਕ ਪਹੁੰਚ ਜਾਂਦੀ ਹੈ ਜਿਸ ਕਾਰਨ ਪੰਚਕੂਲਾ ਵਲ ਜਾਣ ਵਾਲੇ ਵਾਹਨਾਂ ਨੂੰ ਰਾਹ ਨਹੀਂ ਮਿਲਦਾ ਅਤੇ ਲੰਮਾ ਜਾਮ ਲੱਗ ਜਾਂਦਾ ਹੈ। ਜਾਮ ਤੋਂ ਬਚਣ ਲਈ ਵਾਹਨ ਚਾਲਕ ਗਲਤ ਦਿਸ਼ਾ ਤੋਂ ਜਾਂਦੇ ਹਨ ਜਿਸ ਕਾਰਨ ਦੂਜੇ ਪਾਸੇ ਮੁਬਾਰਕਪੁਰ ਜਾਣ ਵਾਲੇ ਪਾਸੇ ਵੀ ਜਾਮ ਲੱਗ ਜਾਂਦਾ ਹੈ। ਉਂਝ ਕੁਝ ਦੇਰ ਬਾਅਦ ਰੇਲ ਗੱਡੀ ਲੰਘਣ ਮਗਰੋਂ ਫਾਟਕ ਤਾਂ ਖੁੱਲ੍ਹ ਜਾਂਦਾ ਹੈ ਪਰ ਢਕੋਲੀ ਸੜਕ ’ਤੇ ਜਾਮ ਨੂੰ ਖੁੱਲ੍ਹਣ ਲਈ ਵਾਹਨ ਚਾਲਕਾਂ ਨੂੰ ਘੰਟਿਆਂਬੱਧੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਜਾਮ ਤੋਂ ਬਚਣ ਲਈ ਵਾਹਨ ਚਾਲਕ ਵੀਆਈਪੀ ਰੋਡ ਰਾਹੀਂ ਪਟਿਆਲਾ ਰੋਡ ’ਤੇ ਆਉਂਦੇ ਜਾਂਦੇ ਹਨ। ਸੜਕ ਤੰਗ ਹੋਣ ਕਾਰਨ ਇਥੇ ਵੀ ਵਾਹਨਾਂ ਦੇ ਘੜਮਸ ਕਾਰਨ ਜਾਮ ਲੱਗ ਜਾਂਦਾ ਹੈ। ਇਸੇ ਤਰਾਂ ਲੋਹਗੜ੍ਹ ਅਤੇ ਸਿੰਘਪੁਰਾ ਦੀਆਂ ਅੰਦਰੂਨੀ ਸੜਕਾਂ ’ਤੇ ਆਵਾਜਾਈ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦੇ ਹੱਲ ਲਈ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਇਸ ਸਬੰਧੀ ਟਰੈਫਿਕ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਮੈਕਡੌਨਲਡ ਟਰੈਫਿਕ ਲਾਈਟ, ਸਿੰਘਪੁਰਾ ਟਰੈਫਿਕ ਲਾਈਟ ’ਤੇ ਫਲਾਈਓਵਰ ਅਤੇ ਚੰਡੀਗੜ੍ਹ ਹੱਦ ਦੇ ਨੇੜੇ ਓਵਰਪਾਸ ਦੀ ਉਸਾਰੀ ਕਾਰਨ ਵਾਹਨ ਚਾਲਕ ਅੰਦਰੂਨੀ ਸੜਕਾਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਇਨ੍ਹਾਂ ਸੜਕਾਂ ’ਤੇ ਆਵਾਜਾਈ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਰੇਕ ਸੜਕ ’ਤੇ ਟਰੈਫਿਕ ਪੁਲੀਸ ਤਾਇਨਾਤ ਕੀਤੀ ਗਈ ਹੈ ਤੇ ਜਾਮ ਵਾਲੇ ਪੁਆਇੰਟਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਂਦੀ ਹੈ।