ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 11 ਮਈ
ਲੌਕਡਾਊਨ ਦੌਰਾਨ ਜਿਥੇ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ। ਉਥੇ ਸਭ ਤੋਂ ਵਧ ਪ੍ਰੇਸ਼ਾਨੀ ਦੁਕਾਨਦਾਰਾਂ ਨੂੰ ਆ ਰਹੀ ਹੈ। ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਡੇਰਾਬੱਸੀ ਵਿੱਚ ਓਡ ਈਵਨ ਫਾਰਮੂਲੇ ਤਹਿਤ ਦੁਕਾਨਾਂ ਖੋਲ੍ਹੀ ਜਾਣਗੀਆਂ। ਇਸ ਲਈ ਪ੍ਰਸ਼ਾਸਨ ਵੱਲੋਂ ਦੁਕਾਨਾਂ ਦੀ ਨੰਬਰਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰੋਜ਼ਾਨਾ ਇਕ ਛੱਡ ਕੇ ਦੁਕਾਨ ਖੁੱਲੇਗੀ ਅਤੇ ਅਗਲੇ ਦਿਨ ਦੂਜੀ ਦੁਕਾਨ ਖੁਲ੍ਹੇਗੀ।
ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਨਗਰ ਕੌਂਸਲ ਨੂੰ ਮਾਰਕੀਟ ਕਮੇਟੀ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਸਾਰੀ ਦੁਕਾਨਾਂ ਦੀ ਨੰਬਰਿੰਗ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਨੰਬਰਿੰਗ ਦਾ ਕੰਮ ਨਬੇੜ ਲਿਆ ਗਿਆ ਹੈ ਤੇ ਬਾਕੀ ਰਹਿੰਦਾ ਕੰਮ ਛੇਤੀ ਹੀ ਨਬੇੜ ਲਿਆ ਜਾਏਗਾ। ਸ੍ਰੀ ਬਾਵਾ ਨੇ ਅੱਗੇ ਦੱਸਿਆ ਕਿ ਓਡ ਐਨ ਈਵਨ ਇਕ ਹਫ਼ਤਾ ਟਰਾਇਲ ਦੇ ਤੌਰ ’ਤੇ ਚਲਾਇਆ ਜਾਏਗਾ ਜਿਸ ਮਗਰੋਂ ਇਸ ਦੀ ਸਮੀਖਿਆ ਕੀਤੀ ਜਾਏਗੀ। ਹਫ਼ਤੇ ਬਾਅਦ ਜੇਕਰ ਇਸ ਫਾਰਮੂਲੇ ਤਹਿਤ ਕਰੋਨਾ ਦੇ ਮਰੀਜ਼ਾਂ ਵਿੱਚ ਕਮੀ ਆਈ ਤਾਂ ਇਸ ਨੂੰ ਪੱਕੇ ਤੌਰ ’ਤੇ ਲਾਗੂ ਕਰ ਦਿੱਤਾ ਜਾਏਗਾ। ਜੇਕਰ ਮਰੀਜ਼ਾਂ ਦੀ ਤਾਦਾਤ ਵਧੀ ਤਾਂ ਇਸ ਵਿੱਚ ਹੋਰ ਤਬਦੀਲੀਆਂ ਕੀਤੀ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਸ ਦੁਕਾਨਦਾਰ ਦੀਆਂ ਦੋ ਦੁਕਾਨਾਂ ਹਨ ਉਨ੍ਹਾਂ ਨੂੰ ਇਕ ਨੰਬਰ ਮਿਲੇਗਾ। ਇਸ ਦੌਰਾਨ ਜਿੰਮ, ਸਪਾ, ਨਾਈ, ਸਵੀਮਿੰਗ ਪੂਲ ਬੰਦ ਰਹਿਣਗੇ। ਦੁਕਾਨਾਂ ਖੋਲ੍ਹਣ ਦੌਰਾਨ ਦੁਕਾਨ ’ਤੇ ਭੀੜ ਇਕੱਠੀ ਨਾ ਕਰਨਾ, ਗਾਹਕਾਂ ਵਿਚਕਾਰ ਘੱਟ ਤੋਂ ਘੱਟ ਛੇ ਫੂਟ ਦੀ ਸਮਾਜਿਕ ਦੂਰੀ, ਮਾਸਕ ਲਗਾ ਕੇ ਰੱਖਣਾ ਅਤੇ ਸੈਨੀਟਾਈਜੇਸ਼ਨ ਦੀ ਵਰਤੋਂ ਕਰਨਾ ਲਾਜ਼ਮੀ ਹੋਏਗਾ। ਦੁਕਾਨਾਂ ਪਹਿਲਾਂ ਵਾਂਗ ਸ਼ਾਮ ਪੰਜ ਵਜੇ ਤੱਕ ਖੁਲ੍ਹਣਗੀਆਂ ਅਤੇ ਸ਼ਨਿੱਚਰਵਾਰ ’ਤੇ ਐਤਵਾਰ ਪੂਰੀ ਤਰ੍ਹਾਂ ਲੌਕਡਾਊਨ ਰਹੇਗਾ।