ਪੀ.ਪੀ. ਵਰਮਾ
ਪੰਚਕੂਲਾ, 18 ਅਕਤੂਬਰ
ਵਿਸ਼ਵ ਫੂਡ ਦਿਵਸ ਮੌਕੇ ਲੜਕੀਆਂ ਦੇ ਸਰਕਾਰੀ ਕਾਲਜ ਪੰਚਕੂਲਾ ਵਿੱਚ ਰਾਜ ਪੱਧਰੀ ਪਾਵਰ ਪੁਆਇੰਟ ਪ੍ਰੈਂਜਟੇਸ਼ਨ ਮੇਕਿੰਗ ਮੁਕਾਬਲੇ ਆਨਲਾਈਨ ਕਰਵਾਏ ਗਏ ਜਿਸ ਵਿੱਚ ਹਰਿਆਣਾ ਦੇ ਸਰਕਾਰੀ ਕਾਲਜਾਂ ਨੇ ਹਿੱਸਾ ਲਿਆ। ਇਹ ਮੁਕਾਬਲੇ ‘ਸੁਰੱਖਿਅਤ ਭੋਜਨ ਤੇ ਬਿਹਤਰ ਸਿਹਤ’ ਵਿਸ਼ੇ ਉੱਤੇ ਆਧਾਰਿਤ ਸਨ। ਮੁਕਾਬਲੇ ਵਿੱਚ ਸਰਕਾਰੀ ਕਾਲਜ ਸੈਕਟਰ-1, ਪੰਚਕੂਲਾ ਦਾ ਵਿਦਿਆਰਥੀ ਯੁਵਰਾਜ ਸਿੰਘ ਅੱਵਲ ਰਿਹਾ। ਅਰੁਨਾ ਆਸਿਫ ਅਲੀ ਸਰਕਾਰੀ ਕਾਲਜ ਕਾਲਕਾ ਦੀ ਜੋਤੀ ਥੋਮਕੇ ਅਤੇ ਸਰਕਾਰੀ ਕਾਲਜ ਲੜਕੀਆਂ ਸੈਕਟਰ-14 ਪੰਚਕੂਲਾ ਦੀ ਜੋਤੀ ਜਾਗੜਾ ਨੇ ਦੂਜਾ ਸਥਾਨ ਹਾਸਲ ਕੀਤਾ। ਅਰੁਨਾ ਆਸਿਫ ਅਲੀ ਸਰਕਾਰੀ ਕਾਲਜ ਕਾਲਕਾ ਦਾ ਰੋਹਿਤ ਸਿੰਘ ਤੀਜੇ ਸਥਾਨ ਉੱਤੇ ਰਿਹਾ ਜਦੋਂ ਕਿ ਸਰਕਾਰੀ ਕਾਲਜ ਸੈਕਟਰ-1 ਪੰਚਕੂਲਾ ਦੀ ਸਿਮਰਨ ਗੋਇਲ ਨੂੰ ਕੋਨਸੋਲੇਸ਼ਨ ਐਵਾਰਡ ਦਿੱਤਾ ਗਿਆ। ਮਹਿਲਾ ਕਾਲਜ ਸੈਕਟਰ-14 ਪੰਚਕੂਲਾ ਦੀ ਪ੍ਰਿੰਸੀਪਲ ਡਾ. ਸੰਗੀਤ ਮਹੇਤਾਨੀ ਨੇ ਕਿਹਾ ਕਿ ਅੱਜ ਵੀਡਿਓ ਕਾਨਫਰੰਸਿੰਗ ਰਾਹੀਂ ਜੂਆਲੋਜੀ ਵਿਭਾਗ ਵੱਲੋਂ ਪਾਵਰ ਪੁਆਇੰਟ ਪ੍ਰੈਂਜਟੇਸ਼ਨ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਸਨ। ਜੂਆਲੋਜੀ ਵਿਭਾਗ ਦੀ ਮੁਖੀ ਡਾ. ਆਦਰਸ਼ਦੀਪ ਕੌਰ ਨੇ ਕਿਹਾ ਕਿ ਜੇਤੂ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ।