ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 11 ਦਸੰਬਰ
ਗੁਰਦੁਆਰਾ ਖਾਲਸਾ ਦਰਬਾਰ ਪੰਜੋਲੀ ਕਲਾਂ ਵਿਚ ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ ਸ਼ੁਰੂ ਹੋ ਗਿਆ, ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਲਹੂ ਭਿੱਜੀ ਵਿਰਾਸਤ ਦੇ ਵਾਰਿਸ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸੰਸਾਰ ਵਿਚ ਵਿਚਰਦਿਆਂ ਜੋ ਮਾਣ ਗੁਰੂ ਗੋਬਿੰਦ ਸਿੰਘ ਵੱਲੋਂ ਬਖ਼ਸ਼ਿਸ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਨ੍ਹਾਂ ਦੇ ਪੁੱਤਰ ਧੀਆਂ ਹੋਣ ਵਿਚ ਮਿਲ ਸਕਦਾ ਹੈ ਉਹ ਹੋਰ ਕਿਤੇ ਨਹੀਂ ਮਿਲ ਸਕਦਾ। ਇਸ ਮੌਕੇ ਕੌਮ ਦੇ ਮਹਾਨ ਵਿਦਵਾਨ ਸਾਬਕਾ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਗੁਰਦੁਆਰਾ ਚਮਕੌਰ ਸਾਹਿਬ ਨੇ ਸਾਕਾ ਚਮਕੌਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਚਮਕੌਰ ਦੀ ਜੰਗ ਬੇਜੋੜ ਸੀ, ਜਿਸ ਵਿਚ ਸਿਦਕ ਦੀ ਜਿੱਤ ਹੋਈ, ਜਿਸ ਨੂੰ ਨਤਮਸਤਕ ਹੋਣ ਲਈ ਸਾਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਚਾਹੀਦੀ ਹੈ। ਪੰਥਕ ਕਵੀ ਹਰਭਜਨ ਸਿੰਘ ਨਾਹਲ ਅਤੇ ਜੋਗਿੰਦਰ ਸਿੰਘ ਕੰਗ ਨੇ ਕਵਿਤਾਵਾਂ ਪੇਸ਼ ਕੀਤੀਆਂ ਜਦੋਂਕਿ ਪੰਥਕ ਢਾਂਡੀ ਭਾਈ ਸਰੂਪ ਸਿੰਘ ਕਡਿਆਣਾ ਨੇ ਜਫ਼ਰਨਾਮੇ ਦਾ ਵਰਨਣ ਕਰਦਿਆਂ ਦੱਸਿਆ ਕਿ ਚਮਕੌਰ ਦੀ ਜੰਗ ਦੇ ਇਤਿਹਾਸ ਦਾ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਵਰਨਣ ਕੀਤਾ ਉਸ ਲਈ ਹੋਰ ਕਿਸੇ ਪ੍ਰਮਾਣਕਤਾ ਦੀ ਜ਼ਰੂਰਤ ਨਹੀਂ ਹੈ। ਸਮਾਗਮ ਵਿਚ ਭਾਈ ਓਂਕਾਰ ਸਿੰਘ ਹਜ਼ੂਰੀ ਰਾਗੀ ਫ਼ਤਹਿਗੜ੍ਹ ਸਾਹਿਬ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਅਤੇ ਜਥੇਦਾਰ ਪੰਜੋਲੀ ਵੱਲੋਂ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨੰਬਰਦਾਰ ਸੁਖਦੇਵ ਸਿੰਘ, ਭਾਈ ਗਿਆਨ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ ਲਾਡੀ, ਜੋਧ ਸਿੰਘ, ਸਮਸ਼ੇਰ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਜਗਜੀਤ ਸਿੰਘ ਨੇ ਨਿਭਾਈ।