ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 7 ਸਤੰਬਰ
ਪਿੰਡ ਪੜਛ ਵਿੱਚ ਵਣ ਵਿਭਾਗ ਦੇ ਕਰਮਚਾਰੀਆਂ ਨਾਲ ਕਥਿਤ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਰੋਪੜ ਵਿੱਚ ਜੁਡੀਸ਼ਲ ਰਿਮਾਂਡ ਉਤੇ ਭੇਜਿਆ ਗਿਆ ਹੈ। ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਤਿੰਦਰ ਸਿੰਘ ਤੇ ਜਾਂਚ ਅਫਸਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਵਣ ਵਿਭਾਗ ਦੇ ਕਰਮਚਾਰੀਆਂ ਗਾਰਡ ਵਿਪਨਦੀਪ ਕੌਰ ਸਮੇਤ ਨਿਰਮਲ ਸਿੰਘ,ਰਾਮਕੇਸ਼ ਵਾਸੀ ਨਾਡਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਬੀਤੇ ਦਿਨੀਂ ਦੇਰ ਸ਼ਾਮ ਵੇਲੇ ਮਾਈਨਿੰਗ ਕਰਨ ਦੀ ਚੈਕਿੰਗ ਉਤੇ ਸਨ। ਪਿੰਡ ਪੜਛ ਵਿੱਚ ਰਾਸਤੇ ਵਿੱਚ ਟਰੈਕਟਰ-ਟਰਾਲੀ ਜਾ ਰਹੀ ਸੀ। ਸ਼ੱਕ ਹੋਣ ਮਗਰੋਂ ਵਣ ਵਿਭਾਗ ਦੇ ਕਰਮਚਾਰੀਆਂ ਨੇ ਟਰੈਕਟਰ ਨੂੰ ਰੋਕਿਆ ਅਤੇ ਤਲਾਸ਼ੀ ਲਈ। ਟਰਾਲੀ ਵਿੱਚ ਰੇਤਾ-ਮਿੱਟੀ ਭਰਿਆ ਹੋਇਆ ਸੀ, ਜਿਸ ਨੂੰ ਪੱਠਿਆਂ-ਕੱਖਾਂ ਨਾਲ ਲਕੋਇਆ ਹੋਇਆ ਸੀ। ਇਸੇ ਦੌਰਾਨ ਟਰੈਕਟਰ ਚਾਲਕ ਹੋਰ ਨੌਜਵਾਨਾਂ ਨੂੰ ਘਟਨਾ ਸਥਾਨ ਉੱਤੇ ਸੱਦ ਲਿਆ। ਨੌਜਵਾਨਾਂ ਨੇ ਕਰਮਚਾਰੀਆਂ ਨਾਲ ਕਥਿਤ ਕੁੱਟਮਾਰ ਕੀਤੀ। ਵਣ ਕਰਮਚਾਰੀ ਨਿਰਮਲ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਅਨੁਸਾਰ ਕਥਿਤ ਚਾਰ ਮੁਲਜ਼ਮਾਂ ਅਮਨ ਸਿੰਘ, ਸੁਖਵਿੰਦਰ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ। ਗ੍ਰਿਫਤਾਰ ਕੀਤਾ ਗਿਆ ਕਥਿਤ ਮੁਲਜ਼ਮ ਅਮਨ ਸਿੰਘ ਜੋ ਕਿ ਦੋ ਦਿਨਾਂ ਪੁਲੀਸ ਰਿਮਾਂਡ ਉਤੇ ਸੀ। ਪੁਲੀਸ ਅਨੁਸਾਰ ਅਮਨ ਸਿੰਘ ਨੂੰ ਰੋਪੜ ਵਿੱਚ 14 ਦਿਨਾਂ ਲਈ ਜੁਡੀਸ਼ਲ ਰਿਮਾਂਡ ਉਤੇ ਭੇਜਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਪੁਲੀਸ ਵੱਲੋਂ ਜਾਰੀ ਹੈ।