ਪੱਤਰ ਪ੍ਰੇਰਕ
ਚੰਡੀਗੜ੍ਹ, 5 ਦਸੰਬਰ
ਯੂਥ ਫਾਰ ਸਵਰਾਜ ਵੱਲੋਂ ਅੱਜ ਸੈਕਟਰ-17 ਪਲਾਜ਼ਾ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰਦਿਆਂ ਕਿਸਾਨੀ ਸੰਘਰਸ਼ਾਂ ਦੀ ਹਮਾਇਤ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਨਾਅਰਿਆਂ ਵਾਲੀਆਂ ਤਖਤੀਆਂ ਫੜ ਕੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਸਮਾਜ ਦੇ ਹਰ ਵਰਗ ਲਈ ਘਾਤਕ ਦੱਸਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਕਥਿਤ ਅੜੀਅਲ ਰਵੱਈਆ ਉੱਤੇ ਚੱਲਦਿਆਂ ਅੰਨਦਾਤਾ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ।
ਇਸੇ ਦੌਰਾਨ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸੱਦੇ ’ਤੇ ਅੱਜ ਇਥੇ ਸੈਕਟਰ-17 ਵਿੱਚ ਨੌਜਵਾਨਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੁੱਧੀਜੀਵੀ ਅਤੇ ਸਮਾਜਿਕ ਕਾਰਕੁਨ ਵੀ ਹਾਜ਼ਰ ਸਨ। ਨੌਜਵਾਨ ਭਾਰਤ ਸਭਾ ਤੋਂ ਮਾਨਵ ਅਤੇ ਪੀਐੱਸਯੂ (ਲਲਕਾਰ) ਤੋਂ ਅਮਨਦੀਪ, ਸੁਖਜੀਤ ਸਿੰਘ ਸੁੱਖਾ ਸਰਪੰਚ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਜਾਰਾ ਸਿੰਘ ਚੀਮਾ ਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਤੇ ਬਿਜਲੀ ਕਨੂੰਨ ਸਾਰੇ ਤਬਕਿਆਂ ’ਤੇ ਮਾਰੂ ਅਸਰ ਪਾਉਣਗੇ। ਇਹ ਕਾਨੂੰਨ ਸੂਬਿਆਂ ਦੀ ਖੁਦਮੁਖਤਿਆਰੀ ’ਤੇ ਵੱਡਾ ਹਮਲਾ ਹਨ ਜਿਸ ਨਾਲ ਕੇਂਦਰ ਤੇ ਸੂਬਿਆਂ ਦਰਮਿਆਨ ਆਉਂਦੇ ਸਮੇਂ ਵਿੱਚ ਟਕਰਾਅ ਤਿੱਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ ਤੇ ਪਨਸਪ ਤੇ ਐੱਫ.ਸੀ.ਆਈ. ਜਿਹੇ ਅਦਾਰਿਆਂ ਵਿੱਚ ਕੰਮ ਕਰਦੇ ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਵੀ ਖ਼ਤਰੇ ਵਿੱਚ ਆ ਜਾਣਗੀਆਂ।
ਕੌਂਸਲਰ ਬਬਲਾ ਤੋਂ ਮਾਈਕ ਝਪਟਿਆ
ਨੌਜਵਾਨ ਆਗੂ ਮਾਨਵਜੋਤ ਨੇ ਦੱਸਿਆ ਕਿ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ ਆਪਣੇ ਕੁਝ ਵਿਅਕਤੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਲੈ ਕੇ ਵਿਦਿਆਰਥੀ ਸੰਗਠਨਾਂ ਦੇ ਰੋਸ ਮੁਜ਼ਾਹਰੇ ਵਿੱਚ ਪਹੁੰਚ ਗਏ ਅਤੇ ਮਾਈਕ ਲੈ ਕੇ ਸੰਬੋਧਨ ਕਰਨ ਲੱਗ ਪਏ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਕਾਂਗਰਸੀ ਲੀਡਰ ਨੂੰ ਇਸ ਮੁਜ਼ਾਹਰੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਫ਼ੀ ਹੰਗਾਮੇ ਮਗਰੋਂ ਸ੍ਰੀ ਬਬਲਾ ਤੋਂ ਮਾਈਕ ਖੋਹ ਲਿਆ ਗਿਆ ਅਤੇ ਉਹ ਵਰਕਰਾਂ ਨਾਲ ਕਿਸੇ ਹੋਰ ਥਾਂ ਪ੍ਰਦਰਸ਼ਨ ਕਰਨ ਲੱਗ ਪਏ।