ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿਚ ਪੰਜਾਬ ਯੂਨੀਵਰਸਿਟੀ ਜ਼ੋਨਲ ਏ ਦਾ ਵਿਰਾਸਤੀ ਤੇ ਯੁਵਕ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਲੰਬੀ ਹੇਕ ਵਿਚ ਮੇਜ਼ਬਾਨ ਕਾਲਜ ਨੇ ਟਰਾਫੀ ਜਿੱਤੀ। ਕਾਲਜ ਦੀ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ ਨੇ ਸਵਾਗਤੀ ਸ਼ਬਦ ਕਹੇ ਤੇ ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਮੇਜਰ ਡੀਪੀ ਸਿੰਘ ਦਾ ਸਵਾਗਤ ਕੀਤਾ। ਇਸ ਮੌਕੇ ਲੇਖਕ ਮਨਮੋਹਨ ਸਿੰਘ ਦਾਉਂ ਤੇ ਮਨਜੀਤ ਇੰਦਰਾ ਗੈਸਟ ਆਫ ਆਨਰ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਦੁਪਹਿਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋ. ਸਰਬਜੀਤ ਸਿੰਘ ਸਨ ਤੇ ਗੈਸਟ ਆਫ ਆਨਰ ਮੂਵੀ ਡਾਇਰੈਕਟਰ ਰਿਸ਼ਭ ਰਤਨਾਕਰ ਸਨ। ਲੰਬੀ ਹੇਕ ਵਿਚ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੀ ਰਾਗਨੀ ਪਹਿਲੇ, ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਦੀ ਕਮਲਜੀਤ ਕੌਰ ਦੂਜੇ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਦੀ ਗਗਨਦੀਪ ਤੀਜੇ ਸਥਾਨ ’ਤੇ ਆਈ। ਕਵਿਸ਼ਰੀ ਵਿਚ ਸਰਕਾਰੀ ਕਾਲਜ ਸੈਕਰ-11, ਸਰਕਾਰੀ ਕਾਲਜ-46, ਐਸਡੀ ਕਾਲਜ ਸੈਕਟਰ-32 ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਏ।