ਕੁਲਦੀਪ ਸਿੰਘ
ਚੰਡੀਗੜ੍ਹ, 30 ਅਗਸਤ
ਕੇਂਦਰ ਸਰਕਾਰ ਵੱਲੋਂ ਸਤੰਬਰ ਮਹੀਨੇ ਵਿੱਚ ਐਲਾਨੀਆਂ ਗਈਆਂ ਜੇ.ਈ.ਈ. ਅਤੇ ਨੀਟ ਪ੍ਰੀਖਿਆਵਾਂ ਦੇ ਵਿਰੋਧ ਵਿੱਚ ਸੈਕਟਰ-35 ਸਥਿਤ ਕਾਂਗਰਸ ਭਵਨ ਦੇ ਬਾਹਰ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਦੀ ਭੁੱਖ ਹੜਤਾਲ ਵਿੱਚ ਅੱਜ ਪੰਜਾਬ ਯੂਥ ਕਾਂਗਰਸ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਪਹੁੰਚ ਕੇ ਸਮਰਥਨ ਦਿੱਤਾ। ਉਨ੍ਹਾਂ ਜਥੇਬੰਦੀ ਦੇ ਸੀਨੀਅਰ ਵਿਦਿਆਰਥੀ ਆਗੂਆਂ ਮਨੋਜ ਲੁਬਾਣਾ ਅਤੇ ਵਾਈਸ ਪ੍ਰਧਾਨ ਰਾਹੁਲ ਕੁਮਾਰ ਦੀ ਹੌਸਲਾ ਅਫ਼ਜਾਈ ਵੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਯੂਥ ਕਾਂਗਰਸ ਪ੍ਰਧਾਨ ਵਰਿੰਦਰ ਢਿੱਲੋਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਜਿਸ ਸਮੇਂ ਦੁਨੀਆਂ ਭਰ ਦੀਆਂ ਸਰਕਾਰਾਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਅਤੇ ਕਿਸੇ ਵੀ ਮੁਸ਼ਕਿਲ ਤੋਂ ਬਚਣ ਦੇ ਲਈ ਸਾਵਧਾਨੀਆਂ ਵਰਤਣ ਦੇ ਸੁਝਾਅ ਦੇ ਰਹੀਆਂ ਹਨ ਅਤੇ ਸਕੂਲ ਕਾਲਜ ਬੰਦ ਹਨ ਤਾਂ ਠੀਕ ਉਸੇ ਸਮੇਂ ਸਾਡੇ ਦੇਸ਼ ਦੀ ਮੋਦੀ ਸਰਕਾਰ ਪ੍ਰੀਖਿਆਵਾਂ ਦਾ ਐਲਾਨ ਕਰਕੇ ਦੇਸ਼ ਦਾ ਭਵਿੱਖ ਮੰਨੇ ਜਾਂਦੇ ਵਿਦਿਆਰਥੀਆਂ ਨੂੰ ਮਹਾਂਮਾਰੀ ਦੇ ਖਤਰੇ ਵਿੱਚ ਧੱਕ ਰਹੀ ਹੈ। ਉਨ੍ਹਾਂ ਸਤੰਬਰ ਮਹੀਨੇ ਵਿੱਚ ਜੇ.ਈ.ਈ. ਅਤੇ ਨੀਟ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਚੰਡੀਗੜ੍ਹ ਐੱਨਐੱਸਯੂਆਈ ਨੇ ਮੋਦੀ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਵਾ ਕੇ ਅੱਗੇ ਪਾਉਣ ਦੀ ਮੰਗ ਰੱਖੀ।
ਇਸੇ ਦੌਰਾਨ ਜਥੇਬੰਦੀ ਦੇ ਆਗੂਆਂ ਵਿੱਚ ਮਨੋਜ ਲੁਬਾਣਾ ਤੇ ਰਾਹੁਲ ਕੁਮਾਰ ਨੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਆਪਣਾ ਪ੍ਰੀਖਿਆਵਾਂ ਦਾ ਇਹ ਫ਼ੈਸਲਾ ਵਾਪਿਸ ਨਾ ਲਿਆ ਤਾਂ ਯੂਥ ਕਾਂਗਰਸ ਨੂੰ ਨਾਲ ਲੈ ਕੇ ਵਿਦਿਆਰਥੀ ਸੜਕਾਂ ’ਤੇ ਉਤਰ ਆਉਣਗੇ ਤਾਂ ਜੋ ਮੋਦੀ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਅਵਾਜ਼ ਪਹੁੰਚਾਈ ਜਾ ਸਕੇ। ਉਨ੍ਹਾਂ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।