ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਚੰਡੀਗੜ੍ਹ ਯੂਥ ਕਾਂਗਰਸ ਨੇ ਅੱਜ ਇਕ ਨੈਸ਼ਨਨ ਨਿਊਜ਼ ਚੈਨਲ ’ਤੇ ਰਾਜਸਥਾਨ ਦੇ ਉਦੈਪੁਰ ’ਚ ਵਾਪਰੀ ਘਟਨਾ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਅਤੇ ਹੋਰਨਾਂ ਆਗੂਆਂ ਨੇ ਸੈਕਟਰ 11 ਥਾਣੇ ਵਿੱਚ ਨਿਊਜ਼ ਚੈਨਲ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਹੈ। ਉਨ੍ਹਾਂ ਨਿਊਜ਼ ਚੈਨਲ ਵੱਲੋਂ ਗਲਤ ਖ਼ਬਰ ਚਲਾਏ ਜਾਣ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਕਤ ਨਿਊਜ਼ ਚੈਨਲ ਨੇ ਪਹਿਲੀ ਜੁਲਾਈ ਨੂੰ ਰਾਤ 9 ਵਜੇ ਗਲਤ ਖ਼ਬਰ ਚਲਾਈ ਸੀ।
ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਇਕ ਜ਼ਿੰਮੇਵਾਰ ਨਿਊਜ਼ ਚੈਨਲ ਵੱਲੋਂ ਰਾਹੁਲ ਗਾਂਧੀ ਵਰਗੇ ਸਿਆਸੀ ਆਗੂਆਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣਾ ਗਲਤ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਜਾਂਚ ਕਰ ਕੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਥਾਣਾ ਸੈਕਟਰ 11 ਦੇ ਐੱਸਐੱਚਓ ਜਸਬੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿਵਾਇਆ।
ਦੱਸਣਯੋਗ ਹੈ ਕਿ ਰਾਜਸਥਾਨ ਦੇ ਉਦੈਪੁਰ ’ਚ ਦੋ ਨੌਜਵਾਨਾਂ ਵੱਲੋਂ ਕਨੱਹੀਆ ਲਾਲ ਨਾਮ ਦੇ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਦੋਹਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਬਾਵਜੂਦ ਉਕਤ ਮਾਮਲੇ ਸਬੰਧੀ ਦੇਸ਼ ਭਰ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਉਦੈਪੁਰ ਹੱਤਿਆਕਾਂਡ ਦੇ ਸਬੰਧ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਵੀਡੀਓ ਦਾ ਤੋੜ-ਮਰੋੜ ਕੇ ਪ੍ਰਸਾਰਣ ਕਰਨ ਦੇ ਦੋਸ਼ ਲਗਾਉਂਦਿਆਂ ਫ਼ਤਹਿਗੜ੍ਹ ਸਾਹਿਬ ਯੂਥ ਕਾਂਗਰਸ ਦੇ ਕਾਰਕੁਨਾਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਦੀ ਅਗਵਾਈ ਹੇਠ ਐੱਸ.ਪੀ ਫ਼ਤਹਿਗੜ੍ਹ ਸਾਹਿਬ ਨਵਰੀਤ ਸਿੰਘ ਵਿਰਕ ਨੂੰ ਇਕ ਨੈਸ਼ਨਲ ਨਿਊਜ਼ ਚੈਨਲ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਰਾਹੁਲ ਗਾਂਧੀ ਖਿਲਾਫ਼ ਚਲਾਈ ਗਈ ਕਥਿਤ ਝੂਠੀ ਖਬਰ ’ਤੇ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ।