ਕੁਲਦੀਪ ਸਿੰਘ
ਚੰਡੀਗੜ੍ਹ, 29 ਜੁਲਾਈ
ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ, ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਅਤੇ ਘੱਟੋ ਘੱਟ ਉਜਰਤ 25 ਹਜ਼ਾਰ ਰੁਪਏ ਲਾਗੂ ਕਰਨ ਵਰਗੀਆਂ ਕਈ ਮੰਗਾਂ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਆਮ ਲੋਕਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 17 ਡੀ.ਸੀ. ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਮੁਜ਼ਾਹਰਾਕਾਰੀਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ।
ਸਭਾ ਦੇ ਆਗੂ ਮਾਨਵ ਨੇ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ, ਉੱਪਰੋਂ ਮੋਦੀ ਸਰਕਾਰ ਲੋਕਾਂ ’ਤੇ ਜੀ.ਐੱਸ.ਟੀ. ਵਧਾ ਕੇ ਹੋਰ ਬੋਝ ਪਾ ਰਹੀ ਹੈ। ਆਟਾ, ਦਾਲ, ਦੁੱਧ ਜਿਹੀਆਂ ਬੁਨਿਆਦੀ ਲੋੜਾਂ ’ਤੇ ਟੈਕਸ ਲਾਉਣਾ ਬੇਹੱਦ ਲੋਕ ਵਿਰੋਧੀ ਕਦਮ ਹੈ ਜਿਸ ਨਾਲ਼ ਮਹਿੰਗਾਈ ਹੋਰ ਵਧੇਗੀ। ਇਸ ਦੇ ਮੁਕਾਬਲੇ ਸਰਕਾਰ ਵੱਡੇ ਸਰਮਾਏਦਾਰਾਂ ਨੂੰ ਟੈਕਸ ਤੋਂ ਲਗਾਤਾਰ ਛੋਟਾਂ ਦੇ ਰਹੀ ਹੈ ਜਿਸ ਨਾਲ਼ ਇਹ ਸਰਮਾਏਦਾਰ ਹੋਰ ਅਮੀਰ ਹੋ ਰਹੇ ਹਨ। ਵਧਦੇ ਰੋਜ਼ਮੱਰਾ ਖਰਚਿਆਂ ਕਾਰਨ ਕਿਰਤੀਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ, ਸਿਹਤ ਸਹੂਲਤਾਂ ਆਦਿ ਦਾ ਖਰਚਾ ਚੁੱਕਣਾ ਵੀ ਬੇਹੱਦ ਮੁਸ਼ਕਲ ਹੋ ਗਿਆ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਵੈਭਵ ਨੇ ਦੱਸਿਆ ਕਿ ਤਾਲ਼ਾਬੰਦੀ ਤੋਂ ਬਾਅਦ ਰੁਜ਼ਗਾਰ ਵਿੱਚ ਵੱਡੀ ਗਿਰਾਵਟ ਆਈ ਹੈ ਜਿਸ ਨਾਲ਼ ਮਾਲਕਾਂ ਵੱਲੋਂ ਦਿਹਾੜੀ, ਤਨਖਾਹ ਘਟਾ ਕੇ ਮਜ਼ਦੂਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਲਈ ਮਜਬੂਰੀਵੱਸ ਅੱਜ ਕਾਮਿਆਂ ਨੂੰ ਓਵਰਟਾਈਮ ਲਾ ਕੇ 12-12 ਘੰਟੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਕੰਮ ਕਰਨ ਯੋਗ ਵਿਅਕਤੀ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ।
ਯੂ.ਟੀ. ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
ਯੂ.ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਦੇ ਕੇਂਦਰੀ ਸੰਗਠਨ ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐਮ.ਸੀ. ਐਂਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੀ ਲੀਡਰਸ਼ਿਪ ਵੱਲੋਂ ਅੱਜ ਇੱਥੇ ਸੈਕਟਰ 17 ਵਿਖੇ ਡੀ.ਸੀ.-ਕਮ-ਲੇਬਰ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਵੱਲੋਂ ਪ੍ਰਮੁੱਖ ਮੰਗਾਂ ਬਾਰੇ ਸੌਂਪੇ ਗਏ ਮੰਗ-ਪੱਤਰਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਬੇਸ਼ੱਕ ਪ੍ਰਸ਼ਾਸਨ ਦੇ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਪ੍ਰੰਤੂ ਮੀਟਿੰਗਾਂ ਵਿੱਚ ਲਏ ਗਏ ਜ਼ਿਆਦਾਤਰ ਫੈਸਲੇ ਲਾਗੂ ਹੀ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ 30 ਜੁਲਾਈ ਨੂੰ ਚੰਡੀਗੜ੍ਹ ਆ ਰਹੇ ਹਨ ਅਤੇ ਕੋਆਰਡੀਨੇਸ਼ਨ ਕਮੇਟੀ ਨੇ ਉਨ੍ਹਾਂ ਨੂੰ ਵੀ ਮਿਲਣ ਦਾ ਸਮਾਂ ਮੰਗਿਆ ਹੈ।