ਪੱਤਰ ਪ੍ਰੇਰਕ
ਬਨੂੜ, 14 ਜੁਲਾਈ
ਪਿੰਡ ਬੂਟਾ ਸਿੰਘ ਵਾਲਾ ਦੇ ਨੌਜਵਾਨਾਂ ਨੇ ਆਪਣੇ ਪਿੰਡ ਤੋਂ ਬਨੂੜ ਨੂੰ ਆਉਂਦੀ ਸੜਕ ਦੇ ਦੋਵੇਂ ਪਾਸੇ ਜੰਗਲ ਦਾ ਰੂਪ ਧਾਰ ਚੁੱਕੀ ਭੰਗ ਅਤੇ ਕਾਂਗਰਸ ਘਾਹ ਦੇ ਬੂਟਿਆਂ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਹੈ। ਭੰਗ ਦੇ ਉੱਚੇ ਉੱਚੇ ਬੂਟਿਆਂ ਕਾਰਨ ਸੜਕ ਦੇ ਆਲੇ-ਦੁਆਲੇ ਅਤੇ ਮੋੜਾਂ ਵਿੱਚ ਦੂਜੇ ਪਾਸਿਉਂ ਆਉਂਦੇ ਵਾਹਨ ਨਾ ਦਿਸਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਤੇ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਸੜਕ ਦੀ ਸਫ਼ਾਈ ਕਰਨ ਵਾਲੇ ਜੁੱਟੇ ਨੌਜਵਾਨ ਅਤਿੰਦਰਪਾਲ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਸੜਕ ਦੇ ਆਲੇ-ਦੁਆਲੇ ਖੜੀ ਭੰਗ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਭੰਗ ਦੇ ਆਦੀ ਸਾਰਾ ਦਿਨ ਭੰਗ ਮਲਦੇ ਰਹਿੰਦੇ ਹਨ ਤੇ ਲੋਕਾਂ ਵਿੱਚ ਸਹਿਮ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਸੜਕ ਦੀਆਂ ਪਟੜੀਆਂ ਉੱਤੇ ਉੱਗੀ ਭੰਗ ਨੂੰ ਸਾਫ਼ ਕਰਨ ਲਈ ਕਈਂ ਵਾਰ ਪ੍ਰਸ਼ਾਸ਼ਨ ਨੂੰ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।