ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 28 ਫਰਵਰੀ
ਚੁੰਨੀ-ਮੋਰਿੰਡਾ ਮਾਰਗ ’ਤੇ ਸਥਿਤ ਅਰਜੁਨ ਪੈਲੇਸ ਨੇੜੇ ਕੱਲ੍ਹ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਉੱਭਰਦੇ ਗੀਤਕਾਰ ਅਤੇ ਗਾਇਕ ਅਮਨ ਧਨੋਆ ਦੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਅਮਨ ਧਨੋਆ ਆਪਣੀ ਮਾਤਾ ਨਾਲ ਪਿੰਡ ਬਡਾਲੀ ਆਲਾ ਸਿੰਘ ’ਚ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਜਸਵੀਰ ਸਿੰਘ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ‘ਚ ਦੱਸਿਆ ਕਿ ਅਮਨ ਮੁਹਾਲੀ ਵਿੱਚ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਅਤੇ ਰਾਤ ਜਦੋਂ ਉਸ ਦੀ ਸਵਿੱਫਟ ਕਾਰ ਚੁੰਨੀ-ਮੋਰਿੰਡਾ ਸੜਕ ‘ਤੇ ਸਥਿਤ ਅਰਜੁਨ ਪੈਲੇਸ ਨਜ਼ਦੀਕ ਪਹੁੰਚੀ ਤਾਂ ਕੈਂਟਰ ਨੇ ਉਸਦੀ ਕਾਰ ਨੂੰ ਫੇਟ ਮਾਰ ਦਿੱਤੀ ਜਿਸ ਦਾ ਸੰਤੁਲਨ ਵਿਗੜਨ ਕਾਰਨ ਕਾਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ।
ਅਮਨ ਧਨੋਆ ਨੂੰ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਡਾਲੀ ਆਲਾ ਸਿੰਘ ਦੀ ਪੁਲੀਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।