ਪੱਤਰ ਪ੍ਰੇਰਕ
ਬਨੂੜ, 10 ਜੂਨ
ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਤੰਗੋਰੀ ਅਤੇ ਦੈੜੀ ਵਿਚਾਲੇ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (30) ਪੁੱਤਰ ਮਾਸਟਰ ਉਜਾਗਰ ਸਿੰਘ ਵਾਸੀ ਪਿੰਡ ਦੁਰਾਲੀ (ਮੁਹਾਲੀ) ਵਜੋਂ ਹੋਈ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਛੋਟੇ-ਛੋਟੇ ਦੋ ਬੱਚਿਆਂ ਦਾ ਪਿਓ ਸੀ।
ਪ੍ਰਾਪਤ ਜਾਣਕਾਰੀ ਹਾਦਸਾ ਬੀਤੀ ਰਾਤ ਹੋਇਆ। ਨੌਜਵਾਨ ਮਨਜੀਤ ਸਿੰਘ ਆਪਣੀ ਆਲਟੋ ਕਾਰ ਵਿੱਚ ਬਨੂੜ ਵਾਲੇ ਪਾਸੇ ਤੋਂ ਆਪਣੇ ਪਿੰਡ ਦੁਰਾਲੀ ਨੂੰ ਜਾ ਰਿਹਾ ਸੀ। ਹਾਦਸਾਗ੍ਰਸਤ ਹੋਈ ਦੂਜੀ ਕਾਰ ਲਾਂਡਰਾਂ ਤੋਂ ਬਨੂੜ ਵੱਲ ਆ ਰਹੀ ਸੀ ਤੇ ਉਸ ਵਿੱਚ ਤਿੰਨ-ਚਾਰ ਵਿਅਕਤੀ ਸਵਾਰ ਸਨ ਤੇ ਸਾਰਿਆਂ ਦਾ ਬਚਾਅ ਹੋ ਗਿਆ। ਹਾਦਸੇ ਵਿੱਚ ਮਨਜੀਤ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਸਨੇਟਾ ਪੁਲੀਸ ਚੌਕੀ ਦੇ ਕਰਮਚਾਰੀਆਂ ਵੱਲੋਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਮੁਹਾਲੀ ਦੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪਰਿਵਾਰ ਵੱਲੋਂ ਅੱਜ ਪਿੰਡ ਦੁਰਾਲੀ ਵਿੱਚ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।
ਦੋ ਹਾਦਸਿਆਂ ਵਿਚ ਤਿੰਨ ਜਣੇ ਹਲਾਕ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ। ਜੀਟੀ ਰੋਡ ’ਤੇ ਜਾ ਰਹੇ ਪਿਤਾ-ਪੁੱਤਰ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੌਹੜਾ ਵਾਸੀ ਕਮਲਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸੰਦੀਪ ਨੇ ਥਾਣਾ ਪੜਾਓ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਕਬਾੜੀ ਦੀ ਦੁਕਾਨ ਹੈ। ਕੱਲ੍ਹ ਸ਼ਾਮ 7.30 ਵਜੇ ਉਹ ਅਤੇ ਉਸ ਦਾ ਪਿਤਾ ਮੋਟਰਸਾਈਕਲ ’ਤੇ ਅੰਬਾਲਾ ਛਾਉਣੀ ਲਈ ਚੱਲੇ ਸਨ। ਉਹ ਜਦੋਂ ਸ਼ਾਹਪੁਰ ਪਿੰਡ ਦੇ ਕੋਲ ਪਹੁੰਚੇ ਤਾਂ ਦਿੱਲੀ ਵੱਲੋਂ ਆ ਰਹੀ ਗੱਡੀ ਦੇ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿਚ ਉਸ ਦੇ ਪਿਤਾ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਲੰਘੀ ਰਾਤ ਅੰਬਾਲਾ-ਹਿਸਾਰ ਹਾਈਵੇਅ ’ਤੇ ਸ਼ਨੀਦੇਵ ਮੰਦਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋਏ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ਹਿਰ ਦੇ ਹੀਰਾ ਨਗਰ ਵਾਸੀ ਰਾਕੇਸ਼ ਅਤੇ ਰਾਏ ਮਾਰਕੀਟ ਅੰਬਾਲਾ ਕੈਂਟ ਵਾਸੀ ਪ੍ਰਭਜੋਤ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਐਸਏਜੈਨ ਕਾਲਜ ਦੇ ਐਸਬੀਆਈ ਬੈਂਕ ਵਿਚ ਸੁਰੱਖਿਆ ਗਾਰਡ ਸੀ ਜਦੋਂਕਿ ਪ੍ਰਭਜੋਤ ਸੁਰੱਖਿਆ ਗਾਰਡ ਸੁਪਰਵਾਈਜ਼ਰ ਸੀ। ਦੋਵੇਂ ਜਣੇ ਜਦੋਂ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਉਨ੍ਹਾਂ ਅੱਗੇ ਅਚਾਨਕ ਇਕ ਪਸ਼ੂ ਆ ਗਿਆ ਜਿਸ ਕਰ ਕੇ ਉਨ੍ਹਾਂ ਦਾ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਗਿਆ ਤੇ ਉਹ ਜਖ਼ਮੀ ਹੋ ਗਏ। ਦੋਵਾਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਦੂਜੇ ਦੀ ਇਲਾਜ ਦੌਰਾਨ ਮੌਤ ਹੋ ਗਈ।