ਜਗਮੋਹਨ ਸਿੰਘ
ਘਨੌਲੀ, 17 ਜੁਲਾਈ
ਅੱਜ ਜੇਲ੍ਹਾਂ, ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ‘ਸਾਡਾ ਐੱਮਐੱਲਏ ਸਾਡੇ ਵਿੱਚ’ ਮੁਹਿੰਮ ਅਧੀਨ ਭਰਤਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਅ। ਇਸ ਮੌਕੇ ਉਨ੍ਹਾਂ ਮੀਂਹ ਦੇ ਬਾਵਜੂਦ ਲੋਕਾਂ ਦੇ ਭਰਵੇਂ ਇਕੱਠ ਵਿੱਚ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਕਿ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ ਤੇ ਅਸੀਂ ਖੁਦ ਤੁਹਾਡੇ ਕੋਲ ਆਵਾਂਗੇ ’ਤੇ ਪੂਰੀ ਤਰ੍ਹਾਂ ਕਾਇਮ ਹਨ। ਹਲਕੇ ਦਾ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਬਾਰੇ ਉਨ੍ਹਾਂ ਨਾਲ, ਉਨ੍ਹਾਂ ਦੀ ਟੀਮ ਦੇ ਮੈਂਬਰਾਂ ਜਾਂ ਮਾਤਾ-ਪਿਤਾ ਨਾਲ ਬੇਝਿਜਕ ਹੋ ਕੇ ਖੁੱਲ੍ਹ ਕੇ ਗੱਲਬਾਤ ਕਰ ਸਕਦਾ ਹੈ, ਭਾਵੇਂ ਉਹ ਜਿਹੜੀ ਮਰਜ਼ੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਿਸੇ ਵੀ ਵਿਅਕਤੀ ਨਾਲ ਕੋਈ ਵਿਤਕਰਾ ਨਹੀਂ ਕਰਨਗੇ। ਇਸ ਮੌਕੇ ਤੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਮਹਿਲਾ ਆਗੂ ਹਰਵਿੰਦਰ ਕੌਰ ਕੋਟਬਾਲਾ, ਸੁਖਦੀਪ ਸਿੰਘ ਸਰਪੰਚ ਭਰਤਗੜ੍ਹ, ਸੋਹਣ ਸਿੰਘ ਸਰਸਾ ਨੰਗਲ, ਨੰਬਰਦਾਰ ਉਜਾਗਰ ਸਿੰਘ ਭਰਤਗੜ੍ਹ, ਸੋਨੀ ਸਰਸਾ ਨੰਗਲ, ਨੰਬਰਦਾਰ ਸੋਹਣ ਮੁਹੰਮਦ ਮੰਗੂਵਾਲ, ਬੰਤ ਸਿੰਘ ਆਲੋਵਾਲ ਆਦਿ ਮੋਹਤਬਰਾਂ ਸਮੇਤ ਇਲਾਕੇ ਦੇ ਪੰਚ, ਸਰਪੰਚ ਆਮ ਲੋਕ ਤੇ ਪਾਰਟੀ ਵਰਕਰ ਵੀ ਹਾਜ਼ਰ ਸਨ।