ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਜੁਲਾਈ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਤਾਜ਼ੀਆਂ ਉਸਾਰੀਆਂ ਨੂੰ ਲੈ ਕੇ ਅੱਜ ਇਥੇ ਸੈਕਟਰ 45 ਵਿੱਚ ਬੋਰਡ ਦੇ ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਧਾਵਾ ਬੋਲਿਆ ਤੇ ਇਥੇ ਚਾਰ ਫਲੈਟਾਂ ਵਿੱਚ ਕੀਤੀਆਂ ਨਵੀਆਂ ਉਸਾਰੀਆਂ ਨੂੰ ਢਹਿ-ਢੇਰੀ ਕਰ ਦਿੱਤਾ। ਭਾਰੀ ਪੁਲੀਸ ਸੁਰੱਖਿਆ ਅਤੇ ਦਲ ਨਾਲ ਇਥੇ ਸੈਕਟਰ 45 ਪੁੱਜੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਟੀਮ ਨੇ ਸੈਕਟਰ 45 ਸਥਿਤ 4 ਰਿਹਾਇਸ਼ੀ ਯੂਨਿਟਾਂ ਵਿੱਚ ਜਨਤਕ ਜ਼ਮੀਨਾਂ ’ਤੇ ਨਵੇਂ ਸਿਰੇ ਤੋਂ ਕੀਤੀਆਂ ਅਣਅਧਿਕਾਰਤ ਉਸਾਰੀਆਂ ਅਤੇ ਕਬਜ਼ਿਆਂ ਨੂੰ ਢਾਹ ਦਿੱਤਾ। ਇਨ੍ਹਾਂ ਫਲੈਟਾਂ ਵਿੱਚ ਅਲਾਟੀਆਂ ਵਲੋਂ ਉਪਰਲੀਆਂ ਮੰਜਿਲਾਂ ‘ਤੇ ਤਾਜ਼ਾ ਉਸਾਰੀਆਂ ਕਰਕੇ ਕਮਰੇ ਬਣਾਏ ਗਏ ਸਨ। ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਇਨ੍ਹਾਂ ਰਿਹਾਇਸ਼ੀ ਯੂਨਿਟਾਂ ਵਿੱਚ ਕੀਤੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਲਾਗਤ ਦੀ ਗਣਨਾ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਫਲੈਟਾਂ ਦੇ ਅਲਾਟੀਆਂ ਤੋਂ ਵਸੂਲੀ ਜਾਵੇਗੀ। ਇਸ ਰਾਸ਼ੀ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਫਲੈਟਾਂ ਦੀ ਅਲਾਟਮੈਂਟ ਨੂੰ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਫਲੈਟਾਂ ਵਿੱਚ ਤਾਜ਼ਾ ਗੈਰ-ਕਾਨੂੰਨੀ ਅਤੇ ਅਣ-ਅਧਿਕਾਰਤ ਉਸਾਰੀਆਂ ਸਮੇਤ ਸਰਕਾਰੀ ਜਾਂ ਜਨਤਕ ਥਾਂ ‘ਤੇ ਕੀਤੇ ਕਬਜ਼ਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ‘ਜ਼ੀਰੋ ਸਹਿਣਸ਼ੀਲਤਾ’ ਨੀਤੀ ਲਾਗੂ ਕੀਤੀ ਗਈ ਹੈ ਅਤੇ ਇਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਫਲੈਟਾਂ ਦੇ ਅਲਾਟੀਆਂ ਨੂੰ ਬੋਰਡ ਵਲੋਂ ਨਵੀਆਂ ਉਸਾਰੀਆਂ ਵਿਰੁੱਧ ਚਲਾਨ ਕੱਟ ਕੇ ਢਾਹੁਣ ਦੇ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਅਜਿਹੇ ਅਲਾਟੀਆਂ ਨੂੰ ਅਪੀਲ ਕੀਤੀ ਕਿ ਉਹ ਨਾਜਾਇਜ਼ ਉਸਾਰੀਆਂ ਨੂੰ ਖੁਦ ਹੀ ਦਰੁਸਤ ਕਰਨ।