ਮੁਕੇਸ਼ ਕੁਮਾਰ
ਚੰਡੀਗੜ੍ਹ, 17 ਜੂਨ
ਚੰਡੀਗੜ੍ਹ ਹਾਊਸਿੰਗ ਬੋਰਡ ਦਾ ਅੱਜ ਇਥੇ ਰਾਮ ਦਰਬਾਰ ਵਿਖੇ ਰਿਹਾਇਸ਼ੀ ਯੂਨਿਟਾਂ ਵਿਚ ਕੀਤੇ ਕਬਜ਼ਿਆਂ ਅਤੇ ਨਵੀਂਆਂ ਅਣ-ਅਧਿਕਾਰਤ ਉਸਾਰੀਆਂ ’ਤੇ ਹਥੌੜਾ ਚੱਲਿਆ। ਬੋਰਡ ਦੇ ਐਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਇਥੇ ਚਾਰ ਮਕਾਨਾਂ ਅਤੇ ਅਣਅਧਿਕਾਰਤ ਉਸਾਰੀਆਂ ਨੂੰ ਢਹਿ-ਢੇਰੀ ਕੀਤਾ ਗਿਆ। ਇਨ੍ਹਾਂ ਮਕਾਨਾਂ ਵਿਚੋਂ ਤਿੰਨ ਮਕਾਨਾਂ ਦੇ ਮਾਲਿਕਾਂ ਨੇ ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਉਸਾਰੀਆਂ ਕੀਤੀਆਂ ਹੋਈਆਂ ਸਨ ਅਤੇ ਇੱਕ ਮਕਾਨ ਮਲਿਕ ਨੇ ਵਾਧੂ ਮੰਜ਼ਿਲਾਂ ਉਸਾਰੀਆਂ ਹੋਈਆਂ ਸਨ। ਹਾਲਾਂਕਿ ਬੋਰਡ ਦੀ ਇਸ ਕਾਰਵਾਈ ਦਾ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਭਾਰੀ ਸੁਰੱਖਿਆ ਬੰਦੋਬਸਤ ਕਾਰਨ ਬੋਰਡ ਦੀ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਅਣਅਧਿਕਾਰਤ ਉਸਾਰੀਆਂ ਨੂੰ ਢਾਹ ਦਿੱਤਾ। ਬੋਰਡ ਵਲੋਂ ਨਿਯਮਾਂ ਅਨੁਸਾਰ ਅਣਅਧਿਕਾਰਤ ਉਸਾਰੀਆਂ ਨੂੰ ਢਾਹੁਣ ਦੀ ਲਾਗਤ ਅਲਾਟੀਆਂ ਤੋਂ ਵਸੂਲੀ ਜਾਵੇਗੀ ਅਤੇ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀਆਂ ਅਲਾਟਮੈਂਟਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਬੋਰਡ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਉਸਾਰੀ ਨਿਯਮਾਂ ਦੀ ਉਲੰਘਣਾ ਦੀ ਪਛਾਣ ਕਰਨ ਲਈ ਸਾਰੇ ਸੈਕਟਰਾਂ ਵਿੱਚ ਰੋਜ਼ਾਨਾ ਨਿਰੀਖਣ ਕਰ ਰਹੀਆਂ ਹਨ। ਨਵੀਆਂ ਉਸਾਰੀਆਂ ਦੀਆਂ ਬਕਾਇਦਾ ਤਸਵੀਰਾਂ ਨਾਲ ਰਿਕਾਰਡ ਰੱਖਿਆ ਜਾ ਰਿਹਾ ਹੈ। ਬੋਰਡ ਵਲੋਂ ਅਜਿਹੇ ਡਿਫਾਲਟਰਾਂ ਨੂੰ ਉਸਾਰੀਆਂ ਹਟਾਉਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਜਾਂਦਾ ਹੈ, ਜੇਕਰ ਨਾਜਾਇਜ਼ ਉਸਾਰੀਆਂ ਹਟਾਈਆਂ ਨਹੀਂ ਜਾਂਦੀਆਂ ਤਾਂ ਬੋਰਡ ਦੀ ਟੀਮ ਵੱਲੋਂ ਖੁਦ ਅਜਿਹੀਆਂ ਉਸਾਰੀਆਂ ਨੂੰ ਢਾਹ ਦਿੱਤਾ ਜਾਂਦਾ ਹੈ। ਬੋਰਡ ਨੇ ਹੋਰ ਅਲਾਟੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਬੋਰਡ ਦੇ ਫਲੈਟਾਂ ਵਿੱਚ ਕਿਸੇ ਤਰ੍ਹਾਂ ਦੀ ਹੋਰ ਨਵੀਂ ਉਸਾਰੀ ਨਾ ਕਰਨ, ਨਹੀਂ ਤਾਂ ਬੋਰਡ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨਗਰ ਕੌਂਸਲ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ
ਲਾਲੜੂ (ਸਰਬਜੀਤ ਸਿੰਘ ਭੱਟੀ): ਨਗਰ ਕੌਂਸਲ, ਲਾਲੜੂ ਦੀ ਮਲਕੀਅਤ ਵਾਲੀ ਪਿੰਡ ਦੀ ਫਿਰਨੀ ਸਮੇਤ ਅਨੇਕਾਂ ਸਰਕਾਰੀ ਥਾਵਾਂ ਉਪਰ ਅਸਰ ਰਸੂਖ ਵਾਲੇ ਵਿਅਕਤੀਆਂ ਨੇ ਕਥਿਤ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਲੈ ਕੇ ਕਈ ਵਾਰ ਲੋਕਾਂ ਨੇ ਇਹ ਮਸਲਾ ਕੌਂਸਲ ਦੇ ਅਧਿਕਾਰੀਆਂ ਕੋਲ ਵੀ ਚੁੱਕਿਆ ਪਰ ਹਰ ਵਾਰ ਸਿਆਸੀ ਦਖਲਅੰਦਾਜ਼ੀ ਦੇ ਚਲਦੇ ਕੌਂਸਲ ਦੇ ਅਧਿਕਾਰੀ ਸਰਕਾਰੀ ਜ਼ਮੀਨ ਨੂੰ ਲੋਕਾਂ ਦੇ ਕਬਜ਼ੇ ਵਿਚੋਂ ਛੁਡਾਉਣ ਵਿੱਚ ਅਸਫਲ ਰਹੇ। ਲਾਲੜੂ ਪਿੰਡ ਦੇ ਪਟਵਾਰਖਾਨੇ ਅਤੇ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਫਿਰਨੀ ਉਪਰ ਦਰਜਨਾਂ ਵਿਅਕਤੀਆਂ ਨੇ ਨਗਰ ਕੌਂਸਲ ਦੀ ਕੀਮਤੀ ਜ਼ਮੀਨ ’ਤੇ ਕਬਜ਼ੇ ਕਰਕੇ ਮਕਾਨ ਬਣਾਏ ਹਨ ਅਤੇ ਚਾਰਦੀਵਾਰੀ ਕੀਤੀ ਹੋਈ ਹੈ ਜਿਸ ਕਾਰਨ ਫਿਰਨੀ ਦੀ ਚੌੜਾਈ ਘੱਟ ਰਹੀ ਹੈ। ਗੁਰਦੁਆਰਾ ਸਿੰਘ ਸਭਾ ਦੇ ਮੈਂਬਰ ਜਨਕ ਸਿੰਘ ਸਮੇਤ ਰਮਦਾਸੀਆ, ਸੈਣੀ ਮੁਹੱਲੇ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਾਜਾਇਜ਼ ਕਬਜ਼ੇ ਦੂਰ ਕਰਵਾ ਕੇ ਉਥੇ ਜਨਤਕ ਪਾਰਕ, ਕਮਿਉੂਨਿਟੀ ਹਾਲ ਅਤੇ ਹੋਰ ਸਾਂਝੇ ਅਦਾਰੇ ਬਣਾਏ ਜਾਣ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਕੌਂਸਲ ਦੀ ਜ਼ਮੀਨ ਤੋਂ ਕਬਜ਼ੇ ਦੂਰ ਕਰਾਉਣ ਲਈ ਨਿਯਮਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।