ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 10 ਮਈ
ਮੁਹਾਲੀ ਦੇ ਫੇਜ਼ ਅੱਠ ਵਿੱਚ ਸ਼ਹਿਰ ਦੇ ਖਿਡਾਰੀਆਂ ਵੱਲੋਂ ਖਾਲੀ ਥਾਂ ਵਿੱਚ ਆਪਣੇ ਪੱਧਰ ਉੱਤੇ ਬਣਾਏ ਖੇਡ ਮੈਦਾਨ ਵਿੱਚ ਗਮਾਡਾ ਵੱਲੋਂ ਜੀਸੀਬੀ ਨਾਲ ਪੁਟਾਈ ਕਰ ਦਿੱਤੀ ਗਈ ਹੈ, ਜਿਸ ਨਾਲ ਖਿਡਾਰੀਆਂ ਵਿੱਚ ਭਾਰੀ ਰੋਸ ਹੈ। ਇੱਥੇ ਸ਼ਹਿਰ ਦੇ 100 ਤੋਂ ਵਧੇਰੇ ਅਥਲੀਟ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ। ਪਿਛਲੇ ਕੁੱਝ ਸਮੇਂ ਵਿੱਚ ਸ਼ਹਿਰ ਦੇ ਅਥਲੀਟਾਂ ਕੋਲੋਂ ਗਮਾਡਾ ਨੇ ਪੰਜਵੀਂ ਵੇਰ ਖੇਡ ਮੈਦਾਨ ਖੋਹਿਆ ਹੈ। ਸ਼ਹਿਰ ਵਿੱਚ ਖੁੱਲ੍ਹੇ ਵਿੱਚ ਪ੍ਰੈਕਟਿਸ ਕਰਨ ਲਈ ਕੋਈ ਵੀ ਹੋਰ ਖੇਡ ਮੈਦਾਨ ਨਹੀਂ ਹੈ। ਸਬੰਧਤ ਥਾਂ ਉੱਤੇ ਗਮਾਡਾ ਵੱਲੋਂ ਸੜਕ ਬਣਾਈ ਜਾਣੀ ਹੈ। ਇਸ ਮੌਕੇ ਖਿਡਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ। ਖਿਡਾਰੀਆਂ ਨੂੰ ਮੁਫਤ ਸਿਖਲਾਈ ਦੇਣ ਵਾਲੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਰਿਟਾਇਰਡ ਕੋਚ ਅਤੇ ਜ਼ਿਲ੍ਹਾ ਓਲਪਿੰਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਸੈਕਟਰ 78 ਵਿੱਚ ਜੋ ਖੇਡ ਸਟੇਡੀਅਮ ਹੈ, ਉਥੇ ਖਿਡਾਰੀਆਂ ਨੂੰ ਅੰਦਰ ਨਹੀਂ ਜਾਣ ਦਿਤਾ ਜਾਂਦਾ। ਇਸੇ ਦੌਰਾਨ ਸੰਯੁਕਤ ਸਮਾਜ ਮੋਰਚੇ ਦੇ ਆਗੂ ਪਰਮਦੀਪ ਬੈਦਵਾਨ ਨੇ ਖਿਡਾਰੀਆਂ ਨੂੰ ਨਾਲ ਲੈ ਕੇ ਮੁਹਾਲੀ ਦੇ ਐੱਸਡੀਐਮ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਢੁਕਵੀਂ ਥਾਂ ਮੁਹੱਈਆ ਕਰਾਈ ਜਾਵੇ। ਐਸਡੀਐਮ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਦੀ ਸਮੁੱਚੇ ਮਾਮਲੇ ਨੂੰ ਹੱਲ ਕਰਨ ਲਈ ਡਿਊਟੀ ਲਗਾਈ ਹੈ ਤੇ ਖਿਡਾਰੀਆਂ ਨੂੰ ਸੈਕਟਰ 78 ਦੇ ਖੇਡ ਭਵਨ ਵਿੱਚ ਪ੍ਰੈਕਟਿਸ ਕਰਨ ਦੀ ਆਗਿਆ ਦੇਣ ਲਈ ਵੀ ਕਿਹਾ ਗਿਆ ਹੈ।