ਕਰਮਜੀਤ ਸਿੰਘ ਚਿੱਲਾ
ਬਨੂੜ, 27 ਦਸੰਬਰ
ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਰਾਹੀਂ ਸ਼ਹਿਰ ਵਿੱਚ ਕਰੋੜਾਂ ਦੇ ਵਿਕਾਸ ਕੰਮ ਕਰਾਏ ਜਾ ਰਹੇ ਹਨ। ਇਨ੍ਹਾਂ ਕੰਮਾਂ ਲਈ ਵਰਤੀਆਂ ਜਾ ਰਹੀਆਂ ਇੱਟਾਂ ਦੀ ਕੁਆਲਿਟੀ ਬੇਹੱਦ ਮਾੜੀ ਹੈ। ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਇੱਟਾਂ ਦੀ ਥਾਂ ਦੂਜੇ ਦਰਜੇ ਦੀਆਂ ਪਿੱਲੀਆਂ ਇੱਟਾਂ ਦੀ ਵਰਤੋਂ ਹੋ ਰਹੀ ਹੈ।
ਪੱਤਰਕਾਰਾਂ ਦੀ ਟੀਮ ਨੇ ਸ਼ਹਿਰ ਵਿੱਚ ਹੋ ਰਹੇ ਵੱਖ-ਵੱਖ ਵਿਕਾਸ ਕੰਮਾਂ ਦਾ ਨਿਰੀਖ਼ਣ ਕੀਤਾ। ਬਨੂੜ ਦੇ ਸਿਵਲ ਹਸਪਤਾਲ ਵਿੱਚ ਬਣਾਏ ਜਾ ਰਹੇ ਨਿਕਾਸੀ ਨਾਲੇ ਲਈ ਪਿੱਲੀਆਂ ਇੱਟਾਂ ਦੀ ਵਰਤੋਂ ਸਾਹਮਣੇ ਆਈ। ਵਾਰਡ ਨੰਬਰ 13 ਦੇ ਵਾਟਰ ਵਰਕਸ ਵਿੱਚ ਬਣਾਏ ਗਏ ਕਮਰੇ ਵਿੱਚ ਵੀ ਪਿੱਲੀਆਂ ਇੱਟਾਂ ਵਰਤੀਆਂ ਗਈਆਂ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਸਾਧੂ ਸਿੰਘ ਖਲੌਰ ਨੇ ਵਿਕਾਸ ਕੰਮਾਂ ਲਈ ਪਿੱਲੀਆਂ ਇੱਟਾਂ ਵਰਤੇ ਜਾਣ ਦੀ ਨਿਖੇਧੀ ਕੀਤੀ।
ਪਿੱਲੀਆਂ ਇੱਟਾਂ ਦੀ ਵਰਤੋਂ ’ਤੇ ਰੋਕ: ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਖੁਦ ਮੌਕਾ ਵੇਖਿਆ ਹੈ। ਠੇਕੇਦਾਰ ਨੂੰ ਪਿੱਲੀਆਂ ਇੱਟਾਂ ਚੁੱਕਣ ਅਤੇ ਵਧੀਆ ਇੱਟਾਂ ਵਰਤੇ ਜਾਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕੋਈ ਊਣਤਾਈ ਬਰਦਾਸ਼ਤ ਨਹੀਂ ਹੋਵੇਗੀ ਅਤੇ ਮਿਆਰੀ ਕੰਮ ਕਰਾਏ ਜਾਣਗੇ।