ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਅਕਤੂਬਰ
ਨਗਰ ਨਿਗਮ ਚੰਡੀਗੜ੍ਹ ਵਲੋਂ ਕੌਂਸਲਰਾਂ ਲਈ ਜਾਰੀ ਦੋ ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਅੱਜ ਸਮਾਪਤ ਹੋ ਗਈ। ਵਰਕਸ਼ਾਪ ਦੇ ਆਖ਼ਰੀ ਦਿਨ ਨਗਰ ਨਿਗਮ ਦੇ ਵਿੱਤੀ ਪ੍ਰਬੰਧਨ ਵਿਸ਼ੇ ਬਾਰੇ ਕੌਂਸਲਰਾਂ ਨੂੰ ਜਾਣੂ ਕਰਵਾਇਆ ਗਿਆ। ਇਥੇ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਸੈਕਟਰ-38 ਵਿੱਚ ਕੀਤੀ ਗਈ ਵਰਕਸ਼ਾਪ ਦੌਰਾਨ ਨਿਗਮ ਦੇ ਬਜਟ ਪ੍ਰਬੰਧਾਂ ਬਾਰੇ ਰੰਭੂ ਮਹਲਗੀ ਪਰਬੋਧਨੀ ਮੁੰਬਈ ਤੋਂ ਪ੍ਰਸ਼ਾਂਤ ਪਿਸੋਲਕਰ ਨੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਮੁੱਖ ਬੁਲਾਰੇ ਨੀਲੇਸ਼ ਕੁਲਕਰਨੀ ਨੇ ਸਮਾਪਤੀ ਸੈਸ਼ਨ ਦੌਰਾਨ ਸ਼ਹਿਰੀਕਰਨ ਵਿੱਚ ਉਭਰਦੇ ਮੁੱਦਿਆਂ ਸਮੇਤ ਹੋਰ ਮਹੱਤਵਪੂਰਨ ਵਿਸ਼ੇ ਜਿਵੇਂ ਕਿ ਆਵਾਜਾਈ, ਕੂੜਾ ਅਤੇ ਪਾਣੀ ਦੀ ਘਾਟ ਦੀ ਸਮੱਸਿਆ ਦੇ ਨਿਪਟਾਰੇ ਬਾਰੇ ਸੰਬੋਧਨ ਕੀਤਾ। ਵਿਕਾਸ ਪਾਂਡੇ ਨੇ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਲੋਕ ਸੰਪਰਕ ਤੇ ਸੋਸ਼ਲ ਮੀਡੀਆ ਦੀ ਵਰਤੋਂ ਸਮੇਤ ਮੁੱਖ ਵਿਸ਼ਿਆਂ ਬਾਰੇ ਜਾਣੂ ਕਰਵਾਇਆ। ਅੱਜ ਇਸ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਦੌਰਾਨ ਸ਼ਹਿਰ ਦੀ ਮੇਅਰ ਸਰਬਜੀਤ ਕੌਰ, ਡਿਪਟੀ ਮੇਅਰ ਅਨੂਪ ਗੁਪਤਾ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਚੁਣੇ ਗਏ ਕੌਂਸਲਰ ਅਤੇ ਨਗਰ ਨਿਗਮ ਦੇ ਨਵੇਂ ਨਾਮਜ਼ਦ ਕੌਂਸਲਰਾਂ ਨੇ ਹਿੱਸਾ ਲਿਆ। ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਇਹ ਓਰੀਐਂਟੇਸ਼ਨ ਪ੍ਰੋਗਰਾਮ ਰੰਭੂ ਮਹਲਗੀ ਪਰਬੋਧਿਨੀ ਮੁੰਬਈ ਦੇ ਸਹਿਯੋਗ ਨਾਲ ਕੀਤਾ ਗਿਆ ਸੀ।