ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਨਵੰਬਰ
ਸਰਵ ਸਿੱਖਿਆ ਅਭਿਆਨ/ਮਿਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਅਸੀਸ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਪ੍ਰਵੀਨ ਸ਼ਰਮਾ, ਹਰਪ੍ਰੀਤ ਸਿੰਘ ਅਤੇ ਦਵਿੰਦਰਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਕੱਚੇ ਦਫ਼ਤਰੀ ਕਾਮਿਆਂ ਦਾ ਅੱਜ ਤੀਜੇ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਅੱਜ ਦਫ਼ਤਰੀ ਸਟਾਫ਼ ਦੀਆਂ 11 ਮਹਿਲਾਵਾਂ 24 ਘੰਟਿਆਂ ਲਈ ਭੁੱਖ-ਹੜਤਾਲ ’ਤੇ ਬੈਠੀਆਂ। ਉਧਰ, ਦੇਰ ਸ਼ਾਮ ਕੱਚੇ ਦਫ਼ਤਰੀ ਕਾਮਿਆਂ ਨੇ ਆਪਣੇ ਹੱਥਾਂ ਵਿੱਚ ਬੈਟਰੀਆਂ ਫੜ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੱਭਣ ਲਈ ਪੈਦਲ ਮਾਰਚ ਕੀਤਾ। ਸੂਬਾ ਆਗੂ ਅਸੀਸ ਜੁਲਾਹਾ ਅਤੇ ਰਜਿੰਦਰ ਸਿੰਘ ਸੰਧਾ ਨੇ ਸਰਕਾਰ ’ਤੇ ਆਪਣੇ ਵਾਅਦੇ ਤੋਂ ਮੁਨਕਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਹੋਰ ਉੱਚ ਅਧਿਕਾਰੀ ਮੀਟਿੰਗਾਂ ਦਾ ਸਮਾਂ ਦੇ ਕੇ ਮੁਲਾਜ਼ਮਾਂ ਨਾਲ ਗੱਲ ਕਰਨ ਤੋਂ ਟਾਲਾ ਵੱਟਦੇ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਵ ਸਿੱਖਿਆ ਅਭਿਆਨ ਮਿਡ-ਡੇਅ-ਮੀਲ ਤਹਿਤ ਦਫ਼ਤਰਾਂ ਵਿੱਚ ਪਿਛਲੇ ਕਰੀਬ ਡੇਢ ਦਹਾਕੇ ਤੋਂ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਦਿਨਾਂ ਵਿੱਚ ਸਰਕਾਰ ’ਤੇ ਦਬਾਅ ਬਣਾਉਣ ਲਈ ਗੁਪਤ ਐਕਸ਼ਨ ਕੀਤੇ ਜਾਣਗੇ।
ਸਿੱਖਿਆ ਸਕੱਤਰ ਤੇ ਡੀਪੀਆਈ ਦਫ਼ਤਰਾਂ ਦੀ ਘੇਰਾਬੰਦੀ ਜਾਰੀ
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰਾਂ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਮੰਗਾਂ ਮਨਵਾਉਣ ਅੱਜ ਚੌਥੇ ਦਿਨ ਵੀ ਸਿੱਖਿਆ ਸਕੱਤਰ ਅਤੇ ਡੀਪੀਆਈ ਦਫ਼ਤਰਾਂ ਦੀ ਘੇਰਾਬੰਦੀ ਜਾਰੀ ਰੱਖਦਿਆਂ ਸਿੱਖਿਆ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਸਿੱਖਿਆ ਭਵਨ ਦੀ ਤੀਜੀ ਮੰਜ਼ਿਲ ’ਤੇ ਸਥਿਤ ਸਿਹਤ ਵਿਭਾਗ ਦੇ ਇਕ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਵਿੱਚ ਜਾਣ ਲਈ ਤਰਲੇ ਕੱਢਦੇ ਰਹੇ ਪਰ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਨੂੰ ਵੀ ਦਫ਼ਤਰ ਨਹੀਂ ਜਾਣ ਦਿੱਤਾ। ਉਧਰ, ਸਿੱਖਿਆ ਭਵਨ ਦੇ ਬਾਹਰ ਧਰਨਾ ਅੱਜ 163ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ ਨੇ ਪੰਜਾਬ ਸਰਕਾਰ ਨੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਬਾਜਵੂਦ ਕਾਰਵਾਈ ਅੱਗੇ ਨਹੀਂ ਤੁਰੀ।