ਕੁਲਦੀਪ ਸਿਘ
ਚੰਡੀਗੜ੍ਹ, 5 ਫ਼ਰਵਰੀ
ਸੀਟੀਯੂ ਬੱਸ ਕਾਮਿਆਂ ਨੇ ਅੱਜ ਸੈਕਟਰ 43 ਸਥਿਤ ਬੱਸ ਅੱਡੇ ਵਿੱਚ ਟਰਾਂਸਪੋਰਟ ਸਕੱਤਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਤੋਂ ਪਹਿਲਾਂ ਬੱਸ ਅੱਡੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਟੀਯੂ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਜਨਰਲ ਸਕੱਤਰ ਸਤਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ, ਤੇਜਵੀਰ ਸਿੰਘ, ਰਣਜੀਤ ਸਿੰਘ ਹੰਸ, ਜਸਵੰਤ ਸਿੰਘ ਜੱਸਾ ਆਦਿ ਨੇ ਕਿਹਾ ਕਿ ਚੰਡੀਗੜ੍ਹ ਦੀ ਵਿਰਾਸਤ ਵਜੋਂ ਜਾਣੇ ਜਾਂਦੇ ਅਦਾਰੇ ਸੀਟੀਯੂ ਦਾ ਅਫ਼ਸਰਸ਼ਾਹੀ ਵੱਲੋਂ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੁਲਾਜ਼ਮ ਪਿਛਲੇ ਦੋ ਮਹੀਨੇ ਤੋਂ ਕਿਲੋਮੀਟਰ ਸਕੀਮ ਤਹਿਤ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦਾ ਵਿਰੋਧ ਕਰ ਰਹੇ ਹਨ ਅਤੇ ਖਾਲੀ ਅਸਾਮੀਆਂ ਭਰਨ ਲਈ ਭੁੱਖ ਹੜਤਾਲ ’ਤੇ ਬੈਠੇ ਹਨ। ਇਸ ਦੇ ਬਾਵਜੂਦ ਅਫ਼ਸਰਸ਼ਾਹੀ ਅਦਾਰੇ ਦਾ ਨਿੱਜੀਕਰਨ ਤੇ ਮੁਲਾਜ਼ਮਾਂ ’ਤੇ ਆਊਟਸੋਰਸ ਦੀ ਤਲਵਾਰ ਲਟਕਾ ਕੇ ਠੇਕੇਦਾਰੀ ਸਿਸਟਮ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੀਟੀਯੂ ਵਿੱਚ ਕੰਡਮ ਹੋ ਰਹੀਆਂ 200 ਬੱਸਾਂ ਦੀ ਥਾਂ ਨਵੀਆਂ ਬੱਸਾਂ ਲੈਣ ਦੀ ਪਾਲਿਸੀ ਬਣਾਈ ਗਈ ਸੀ, ਜਿਸ ਵਿੱਚੋਂ 81 ਬੱਸਾਂ ਆਉਣੀਆਂ ਹਾਲੇ ਬਾਕੀ ਹਨ। ਯੂਟੀ ਪ੍ਰਸ਼ਾਸਨ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ, ਜਿਸ ਵਿੱਚ ਅਫ਼ਸਰਸ਼ਾਹੀ ਦੇ ਨਿੱਜੀ ਲਾਭ ਛਿਪੇ ਹੋਏ ਹਨ, ਜਿਸ ਦਾ ਮੁਲਾਜ਼ਮ ਪੁਰਜ਼ੋਰ ਵਿਰੋਧ ਕਰ ਰਹੇ ਹਨ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਤੇ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਜਾਵੇ। ਮੰਗਾਂ ਨਾ ਮੰਨਣ ’ਤੇ ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਦਿੱਤੀ।
ਭਾਜਪਾ ਆਗੂਆਂ ਨੂੰ ਵਾਅਦਾ ਚੇਤੇ ਕਰਵਾਇਆ
ਫੈਡਰੇਸ਼ਨ ਆਗੂ ਰਣਜੀਤ ਸਿੰਘ ਹੰਸ ਨੇ ਕਿਹਾ ਕਿ ਨਿਗਮ ਚੋਣਾਂ ਸਮੇਂ ਯੂਨੀਅਨ ਆਗੂਆਂ ਦੀ ਭਾਜਪਾ ਆਗੂਆਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਚੋਣਾਂ ਉਪਰੰਤ ਮੁਲਾਜ਼ਮਾਂ ਦੀਆਂ ਮੰਗਾਂ ਉਤੇ ਗੌਰ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਹੋਏ ਨੂੰ ਕਈ ਦਿਨ ਲੰਘ ਗਏ ਹਨ ਪਰ ਭਾਜਪਾ ਆਗੂਆਂ ਨੇ ਯੂਨੀਅਨ ਨਾਲ ਕੋਈ ਰਾਬਤਾ ਨਹੀਂ ਬਣਾਇਆ। ਉਨ੍ਹਾਂ ਭਾਜਪਾ ਆਗੂਆਂ ਨੂੰ ਚੇਤੇ ਕਰਵਾਇਆ ਕਿ ਯੂਨੀਅਨ ਦੇ ਸਾਂਝੇ ਮੋਰਚੇ ਨਾਲ ਕੀਤੀ ਗਈ ਗੱਲਬਾਤ ਮੁਤਾਬਕ ਜਲਦ ਤੋਂ ਜਲਦ ਅਦਾਰੇ ਦੀ ਅਫ਼ਸਰਸ਼ਾਹੀ ਨੂੰ ਨੱਥ ਪਾਈ ਜਾਵੇ।