ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 16 ਸਤੰਬਰ
ਇੱਥੋਂ ਦੇ ਪਿੰਡ ਖਿਜਰਗੜ੍ਹ ਦੇ ਖੇਤਾਂ ਵਿੱਚ ਕਾਮੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤੋਸ਼ (19) ਹਾਲ ਵਾਸੀ ਪਿੰਡ ਖਿਜਰਗੜ੍ਹ ਮੂਲ ਰੂਪ ਵਾਸੀ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਪਿਤਾ ਮਹੇਸ਼ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਲੜਕਾ 20 ਦਿਨ ਪਹਿਲਾਂ ਘਰ ਤੋਂ ਕੰਮ ਦੀ ਤਲਾਸ਼ ਲਈ ਇੱਥੇ ਆਇਆ ਸੀ। ਇੱਥੇ ਉਹ ਜਸਵੰਤ ਸਿੰਘ ਦੀ ਮੋਟਰ ’ਤੇ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਇਕ ਟਰੈਕਟਰ ਟਰਾਲੀ ’ਤੇ ਤੂੜੀ ਭਰਨ ਲਈ ਦਿਹਾੜੀ ’ਤੇ ਗਿਆ ਸੀ। ਇਸ ਦੌਰਾਨ ਖੇਤਾਂ ਵਿੱਚੋਂ ਲੰਘ ਰਹੀ ਬਿਜਲੀ ਦੀ ਤਾਰਾਂ ਦੀ ਲਪੇਟ ਵਿੱਚ ਆ ਕੇ ਉਸ ਨੂੰ ਕਰੰਟ ਲੱਗ ਗਿਆ। ਗੰਭੀਰ ਹਾਲਤ ਵਿੱਚ ਉਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਲਿਜਾਇਆ ਗਿਆ। ਉੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਏ.ਐਸ.ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।