ਸਰਬਜੀਤ ਸਿੰਘ ਭੱਟੀ
ਲਾਲੜੂ, 17 ਜੁਲਾਈ
ਇਥੋਂ ਦੇ ਪਿੰਡ ਹਮਾਯੂੰਪੁਰ ਵਿੱਚ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਸੀਚੇਵਾਲ ਮਾਡਲ ਪ੍ਰਾਜੈਕਟ ਸਰਕਾਰੀ ਵਿਭਾਗਾਂ ਦੀ ਢਿੱਲੀ ਕਾਰਗੁਜ਼ਾਰੀ ਅਤੇ ਫੰਡ ਦੀ ਘਾਟ ਕਾਰਨ ਵਿਚਾਲੇ ਲਟਕ ਕੇ ਜਿੱਥੇ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ, ਉਥੇ ਹੀ ਉਸ ਨਾਲ ਹੀ ਖੁੱਲ੍ਹੇ ਮੈਨ ਹੋਲ, ਖੂਹ ਅਤੇ ਪੱਕਾ ਕੀਤਾ ਛੱਪੜ ਬਰਸਾਤ ਦੇ ਦਿਨਾਂ ਵਿਚ ਪਿੰਡ ਵਾਸੀਆਂ ਤੇ ਬੱਚਿਆਂ ਲਈ ਖਤਰਾ ਬਣਿਆ ਹੋਇਆ ਹੈ। ਇਸ ਪ੍ਰਾਜੈਕਟ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਸਮਾਜਸੇਵੀ ਸਰਦਾਰਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਬੀਡੀਪੀਓ ਡੇਰਾਬੱਸੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਕਤ ਪ੍ਰਾਜੈਕਟ ਨੂੰ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਬਲਾਕ ਡੇਰਾਬੱਸੀ ਦਾ ਪਹਿਲਾਂ ਪ੍ਰਾਜੈਕਟ ਹੈ, ਜੋ ਲਾਲੜੂ ਹੰਡੇਸਰਾ ਸੜਕ ’ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਾਜੈਕਟ ’ਤੇ 19 ਲੱਖ ਰੁਪਏ ਦੀ ਗਰਾਂਟ ਅਤੇ 8 ਲੱਖ ਰੁਪਏ ਮਗਨਰੇਗਾ ਮਜ਼ਦੂਰਾਂ ’ਤੇ ਖਰਚ ਕੀਤਾ ਜਾ ਚੁੱਕਿਆ ਹੈ। ਛੱਪੜ ਦੇ ਨਿਰਮਾਣ ਲਈ 29 ਲੱਖ ਰੁਪਏ ਦੀ ਗਰਾਂਟ ਅਤੇ 6 ਲੱਖ ਰੁਪਏ ਦੀ ਲੇਬਰ ਨਰੇਗਾ ਤੋਂ ਖਰਚ ਕੀਤੀ ਜਾ ਚੁੱਕੀ ਹੈ ਅਤੇ ਛੇਤੀ ਹੀ ਇਸ ਦਾ ਸੁੰਦਰੀ ਕਰਨ, ਚਾਰ ਚੁਫ਼ੇਰੇ ਤਾਰ ਲਾਈ ਜਾਵੇਗੀ। ਪੰਚਾਇਤ ਸਕੱਤਰ ਅਵਨੀਤ ਬਾਜਵਾ ਨੇ ਦੱਸਿਆ ਕਿ ਪ੍ਰਾਜੈਕਟ ਨੂੰ ਮੁਕੰਮਲ ਕਰਨ ’ਤੇ ਲਗਪਗ 40 ਲੱਖ ਰੁਪਏ ਦੀ ਹੋਰ ਲੋੜ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿਚ ਖੂਹਾਂ ਤੇ ਹੋਦੀਆਂ ਨੂੰ ਤਰਪਾਲਾਂ ਢਕਿਆ ਜਾਵੇਗਾ।