ਸਰਜੀਤ ਸਿੰਘ ਭੱਟੀ
ਲਾਲੜੂ, 7 ਜੁਲਾਈ
ਇਲਾਕੇ ਦੀਆਂ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਉਲੀ ਤੋਂ ਸਿਉਲੀ ਤੱਕ ਬਣੀ ਲਿੰਕ ਸੜਕ ’ਤੇ ਪੱਥਰ ਪਾਉਣ ਤੋਂ ਬਾਅਦ ਮੁਰੰਮਤ ਦਾ ਕੰਮ ਰੁਕਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਲੋਕ ਖੱਜਲ ਖੁਆਰ ਹੋ ਰਹੇ ਹਨ। ਭਾਜਪਾ ਮੰਡਲ ਲਾਲੜੂ ਦੇ ਪ੍ਰਧਾਨ ਰਾਜ ਪਾਲ ਰਾਣਾ ਟਰੜਕ, ਮਾਈ ਭਾਗੋ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਜੰਡਲੀ, ਲੋਕ ਭਲਾਈ ਸੰਸਥਾ ਲਾਲੜੂ ਦੇ ਪ੍ਰਧਾਨ ਹਰਵਿੰਦਰ ਸਿੰਘ ਝਰਮੜੀ ਨੇ ਦੱਸਿਆ ਕਿ ਪਿੰਡ ਜਿਉਲੀ ਤੋਂ ਅੰਬਛਪਾ, ਜੰਡਲੀ, ਟਰੜਕ, ਝਵਾਂਸਾ, ਭੁੱਖੜੀ, ਭਾਗਸੀ ਅਤੇ ਸਿਉਲੀ ਨੂੰ ਜਾਂਦੀ ਲਿੰਕ ਸੜਕ ਪਿਛਲੇ ਕਈ ਮਹੀਨਿਆਂ ਤੋਂ ਪੱਥਰ ਪਾਉਣ ਉਪਰੰਤ ਮੁਰੰਮਤ ਦੀ ਉਡੀਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਸੜਕ ’ਤੇ ਪਏ ਪੱਥਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਉਕਤ ਲਿੰਕ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਪੰਜਾਬ ਮੰਡੀ ਬੋਰਡ ਦੇ ਐੱਸਡੀਓ ਜਸਵਿੰਦਰ ਸਿੰਘ ਨੇ ਕਿਹਾ ਕਿ ਛੇਤੀ ਹੀ ਲਿੰਕ ਸੜਕਾਂ ਤੇ ਫਿਰਨੀਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।