ਸਿਹਤ ਵਿਭਾਗ ਦੀ ਅਣਗਹਿਲੀ

ਮਹਿਲਾ ਦੀ ਕਰੋਨਾ ਨੈਗੇਟਿਵ ਰਿਪੋਰਟ ਨੂੰ ਪਾਜ਼ੇਟਿਵ ਐਲਾਨਿਆ

ਮਹਿਲਾ ਦੀ ਕਰੋਨਾ ਨੈਗੇਟਿਵ ਰਿਪੋਰਟ ਨੂੰ ਪਾਜ਼ੇਟਿਵ ਐਲਾਨਿਆ

ਕਮਲਪ੍ਰੀਤ ਕੌਰ ਮੈਡੀਕਲ਼ ਰਿਪੋਰਟ ਦਿਖਾਉਂਦੀ ਹੋਈ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 12 ਜੁਲਾਈ

ਸਿਹਤ  ਵਿਭਾਗ ਦੀ ਅਣਗਹਿਲੀ ਇਥੋਂ ਦੀ ਇਕ ਮਹਿਲਾ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਕਾਫੀ ਮਹਿੰਗੀ  ਪੈ ਗਈ ਹੈ। ਸਿਹਤ ਵਿਭਾਗ ਵੱਲੋਂ ਨੈਗਟਿਵ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਐਲਾਨਦੇ  ਹੋਏ ਉਸ ਨੂੰ ਘਰ ਵਿੱਚ ਪਰਿਵਾਰ ਸਮੇਤ ਇਕਾਂਤਵਾਸ ਵਿੱਚ ਭੇਜ ਦਿੱਤਾ। ਮਹਿਲਾ ਨੇ ਕੁਝ ਦਿਨ  ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਸੀ। ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਉਸ ਦੇ  ਬੱਚੇ ਤੋਂ ਵੱਖ ਰੱਖਿਆ ਗਿਆ ਤੇ ਉਹ ਚਾਰ ਦਿਨ ਆਪਣੇ ਨਵਜਾਤ ਬੱਚੇ ਨੂੰ ਦੁੱਧ ਨਹੀਂ ਪਿਲਾ  ਸਕੀ। ਸਿਹਤ ਵਿਭਾਗ ਨੂੰ ਗਲਤੀ ਦਾ ਅਹਿਸਾਸ ਹੋਣ ਮਗਰੋਂ ਮਹਿਲਾ ਅਤੇ ਉਸ ਦੇ ਪਰਿਵਾਰ ਦਾ ਇਕਾਂਤਵਾਸ ਖ਼ਤਮ ਕੀਤਾ। 

ਇਸ ਬਾਰੇ ਜਾਣਕਾਰੀ ਦਿੰਦਿਆਂ 25 ਸਾਲਾ ਪੀੜਤ ਮਹਿਲਾ  ਕਮਲਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਬੱਲੋਮਾਜਰਾ ਮੁਹਾਲੀ ਨੇ ਦੱਸਿਆ ਕਿ ਉਹ  ਗਰਭਵਤੀ ਸੀ। ਉਸ ਦੇ ਪਰਿਵਾਰ ਵੱਲੋਂ ਜਣੇਪੇ ਲਈ ਉਸ ਨੂੰ ਮੁਹਾਲੀ ਫੇਜ਼ ਛੇ ਦੇ ਸਰਕਾਰੀ  ਹਸਪਤਾਲ ਇਕ ਤਰੀਕ ਨੂੰ ਦਾਖਲ ਕਰਵਾਇਆ ਸੀ। ਉਥੋਂ ਉਸ ਨੇ ਤਿੰਨ ਤਰੀਕ ਨੂੰ ਬੱਚੇ ਨੂੰ ਜਨਮ  ਦਿੱਤਾ। ਇਸੇ ਦਿਨ ਹੀ ਉਸ ਦਾ ਕਰੋਨਾ ਟੈਸਟ ਕੀਤਾ ਗਿਆ। ਮਹਿਲਾ ਨੇ ਦੱਸਿਆ ਕਿ ਚਾਰ ਤਰੀਕ  ਨੂੰ ਉਸ ਦੀ ਛੁੱਟੀ ਕਰ ਦਿੱਤੀ ਜਿਸ ਤੋਂ ਬਾਅਦ ਉਹ ਡੇਰਾਬੱਸੀ ਦੇ ਪਿੰਡ ਡੇਰਾ ਜਗਾਧਰੀ  ਆਪਣੇ ਪੇਕੇ ਘਰ ਮਾਪਿਆਂ ਕੋਲ ਆ ਗਈ। ਪੰਜ ਤਰੀਕ ਨੂੰ ਸਿਹਤ ਵਿਭਾਗ ਨੇ ਸੂਚਿਤ ਕੀਤਾ ਕਿ  ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ  ਵਿੱਚ ਹੀ ਇਕਾਂਤਵਾਸ ਵਿੱਚ ਭੇਜ ਦਿੱਤਾ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਇਕਾਂਤਵਾਸ ਵਿੱਚ  ਭੇਜਣ ਦਾ ਪੋਸਟਰ ਚਿੱਪਕਾ ਦਿੱਤਾ ਗਿਆ। ਇਸ ਦੌਰਾਨ ਉਸ ਦੇ ਨਵਜਾਤ ਬੱਚੇ ਨੂੰ ਵੀ ਉਸ ਤੋਂ ਵੱਖ  ਕਰ ਦਿੱਤਾ ਗਿਆ ਜਿਸ ਦੀ ਦੇਖਭਾਲ ਉਸ ਦੀ ਮਾਂ ਵੱਲੋਂ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਦੇ ਭਰਾ  ਹਰਪ੍ਰੀਤ ਸਿੰਘ ਵੱਲੋਂ ਇਸ ਦੀ ਜਾਂਚ ਕਰਨ ਲਈ ਜਦ ਸਿਹਤ ਵਿਭਾਗ ਦੀ ਰਿਪੋਰਟ ਖੰਗਾਲੀ ਤਾਂ  ਪਤਾ ਲੱਗਿਆ ਕਿ ਇਸ ਵਿੱਚ ਮੋਬਾਈਲ ਨੰਬਰ ਉਸ ਦਾ ਨਹੀਂ ਹੈ। ਇਸ ਦੀ ਹੋਰ ਡੂੰਘਾਈ ਨਾਲ ਜਾਂਚ  ਕਰਨ ’ਤੇ ਸਾਹਮਣੇ ਆਇਆ ਕਿ ਉਸੇ ਦਿਨ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਤਿੰਨ ਕਮਲਪ੍ਰੀਤ  ਕੌਰ ਨਾਂ ਦੀਆਂ ਔਰਤਾਂ ਦੇ ਕਰੋਨਾ ਦੇ ਸੈਂਪਲ ਲਏ ਸੀ ਜਿਨ੍ਹਾਂ ਵਿੱਚ ਕਿਸੇ ਹੋਰ ਦੇ ਸੈਂਪਲ ਦੀ ਰਿਪੋਰਟ  ਪਾਜ਼ੇਟਿਵ ਆਈ ਸੀ। ਪਰ ਸਿਹਤ ਵਿਭਾਗ ਵੱਲੋਂ ਗਲਤੀ ਨਾਲ ਉਸ ਨੂੰ ਮਰੀਜ਼ ਸਮਝਦੇ ਹੋਏ ਘਰ  ਵਿੱਚ ਇਕਾਂਤਵਾਸ ਵਿੱਚ ਭੇਜ ਦਿੱਤਾ। ਇਸ ਮਗਰੋਂ ਉਸ ਵੱਲੋਂ ਮੁੜ ਤੋਂ ਆਪਣਾ ਟੈਸਟ ਕਰਵਾਇਆ  ਗਿਆ ਜਿਸ ਦੀ ਰਿਪੋਰਟ ਨੈਗੇਟਿਵ ਆਈ।

ਕੀ ਕਹਿੰਦੇ ਨੇ ਐੱਸਐੱਮਓ

ਗੱਲ ਕਰਨ ’ਤੇ ਸਿਵਲ ਹਸਪਤਾਲ ਡੇਰਾਬੱਸੀ  ਐੱਸਐੱਮਓ. ਡਾ. ਸੰਗੀਤਾ ਜੈਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਪਾਜ਼ੇਟਿਵ  ਮਰੀਜ਼ਾਂ ਦੀ ਸੂਚੀ ਭੇਜੀ ਗਈ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਨਿਯਮ ਮੁਤਾਬਕ ਮਹਿਲਾ ਅਤੇ ਉਸ ਦੇ   ਪਰਿਵਾਰ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਸੀ। ਗਲਤੀ ਦਾ ਅਹਿਸਾਸ ਹੋਣ ’ਤੇ  ਉਨ੍ਹਾਂ ਦਾ ਇਕਾਂਤਵਾਸ ਖ਼ਤਮ ਕਰ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All