ਸ਼ਸ਼ੀਪਾਲ ਜੈਨ
ਖਰੜ, 11 ਫਰਵਰੀ
ਹਲਕਾ ਖਰੜ ਦੇ ਪਿੰਡ ਸੰਤੇਮਾਜਰਾ ਦੇ ਵਾਰਡ ਨੰ.17 ਵਿਖੇ ਰਣਜੀਤ ਸਿੰਘ ਗਿੱਲ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੇ ਆਪਣੀ ਸਮੁੱਚੀ ਲੀਡਰਸਪਿ ਸਮੇਤ ਚੋਣ ਪ੍ਰਚਾਰ ਕੀਤਾ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਪਾਰਟੀ ਦੇ ਹੱਕ ਵਿੱਚ ਭਾਰੀ ਸਮਰਥਨ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਗਿੱਲ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਪੂਰਾ ਹਲਕਾ ਉਨ੍ਹਾਂ ਨੂੰ ਪਰਿਵਾਰ ਦੀ ਤਰ੍ਹਾਂ ਪਿਆਰ ਅਤੇ ਸਤਿਕਾਰ ਦੇ ਰਿਹਾ ਹੈ ਜਿਸ ਸਦਕਾ ਹੀ ਉਹ ਹਲਕੇ ਦੇ ਵਿਕਾਸ ਨੂੰ ਲੈ ਕੇ ਹੋਰ ਉਤਸ਼ਾਹਿਤ ਹਨ। ਇਸ ਮੌਕੇ ਉਨ੍ਹਾਂ ਨੂੰ 13 ਨੁਕਾਤੀ ਪ੍ਰੋਗਰਾਮ ਤੋਂ ਜਾਣੂ ਵੀ ਕਰਵਾਇਆ ਅਤੇ ਦੱਸਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਮਹਿਲਾਵਾਂ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਸਨਮਾਨ ਭੱਤਾ’ ਦਿੱਤਾ ਜਾਵੇਗਾ ਅਤੇ ਠੇਕਾ ਪ੍ਰਣਾਲੀ ਤਹਿਤ ਭਰਤੀ ਕਰਮਚਾਰੀ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਮੇਵਾ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਭੁਪਿੰਦਰ ਸਿੰਘ, ਬਲਵੀਰ ਸਿੰਘ, ਰਾਮ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ‘ਤੇ ਸ. ਰਾਣਾ ਗਿੱਲ ਨਾਲ ਜਗਦੀਸ਼ ਸਿੰਘ ਸੈਣੀ, ਸਾਬਕਾ ਕੌਂਸਲਰ ਸ਼ੀਤਲ ਖਰਬੰਦਾ, ਰਾਜੂ ਖਰਬੰਦਾ ਸਮੇਤ ਸਮੁੱਚੀ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਸਨ। ਇਸੇ ਦੌਰਾਨ ਸ੍ਰੀ ਗਿੱਲ ਨੇ ਸ਼ਹਿਰ ਦੇ ਵਾਰਡ ਨੰ 12 ਵਿਖੇ ਚੋਣ ਮੀਟਿੰਗ ਕੀਤੀ। ਵਾਰਡ ਦੇ ਕੌਂਸਲਰ ਰਾਜਵੀਰ ਸਿੰਘ ਰਾਜੀ ਦੀ ਅਗਵਾਈ ਹੇਠ ਰੱਖੀ ਗਈ ਇਸ ਮੀਟਿੰਗ ਵਿੱਚ ਸ਼ਹਿਰ ਨਿਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਸਮਰਥਨ ਦਿੱਤਾ ਗਿਆ। ਜਲਸਿਆਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣਗੇ ਤਾਂ ਉਹ ਖਰੜ ਹਲਕੇ ਦਾ ਵਿਕਾਸ ਚੰਡੀਗੜ੍ਹ ਦੀ ਤਰਜ਼ ਤੇ ਕਰਵਾਉਣਗੇ।