ਕੁਲਦੀਪ ਸਿੰਘ
ਚੰਡੀਗੜ੍ਹ, 11 ਜੁਲਾਈ
ਸੈਕਟਰ 33 ਸਥਿਤ ਵਿੱਤ ਤੇ ਯੋਜਨਾ ਭਵਨ ਵਿੱਚ ਧਰਨਾ ਦੇ ਰਹੇ ਅਰਥ ਅਤੇ ਅੰਕੜਾ ਠੇਕਾ ਕਰਮਚਾਰੀਆਂ ਵੱਲੋਂ ਆਪਣੀ ਨੌਕਰੀ ਪੱਕੀ ਕਰਨ ਦੀ ਮੰਗ ਸਬੰਧੀ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਵਿੱਚ ਸ਼ਾਮਲ ਮਹਿਲਾ ਕਰਮਚਾਰੀ ਅੱਜ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਧਰਨੇ ਵਿੱਚ ਪਹੁੰਚੀਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਮੋਗਾ ਨੇ ਕਿਹਾ ਕਿ ਧਰਨੇ ’ਤੇ ਬੈਠੀਆਂ ਮਹਿਲਾ ਕਰਮਚਾਰੀਆਂ ਦੇ ਘਰਾਂ ਵਿੱਚ ਬੈਠੇ ਬੱਚੇ ਵੀ ਹੁਣ ਆਪਣੀਆਂ ਮਾਵਾਂ ਤੋਂ ਦੂਰ ਰਹਿਣ ਕਰਕੇ ਪ੍ਰੇਸ਼ਾਨ ਹੋ ਰਹੇ ਹਨ ਪਰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਇਨ੍ਹਾਂ ਧਰਨਾਕਾਰੀਆਂ ਨਾਲ ਗੱਲ ਕਰਨ ਲਈ ਸਮਾਂ ਨਹੀਂ ਦੇ ਰਹੇ।
ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਅਤੇ ਖਜ਼ਾਨਚੀ ਗੁਰਪ੍ਰੀਤ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਅੰਦਰ-ਅੰਦਰ ਵਿੱਤ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਵਿੱਤ ਤੇ ਯੋਜਨਾ ਭਵਨ ਵਿੱਚ ਧਰਨੇ ’ਤੇ ਬੈਠੇ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ, ਜਿਸ ਨੂੰ ਸੰਭਾਲਣਾ ਸਰਕਾਰ ਦੇ ਵੀ ਵੱਸ ਵਿੱਚ ਨਹੀਂ ਹੋਵੇਗਾ। ਧਰਨੇ ਵਿੱਚ ਸੋਨੀਆ, ਅਮਰ ਜੋਤੀ, ਮਨਪ੍ਰੀਤ ਕੌਰ ਅਤੇ ਵਰੁਣ ਕੁਮਾਰ ਵੀ ਹਾਜ਼ਰ ਸਨ।