ਪੱਤਰ ਪ੍ਰੇਰਕ
ਖਰੜ, 21 ਜੁਲਾਈ
ਘੜੂੰਆਂ ਦੇ ਰਾਜਨ ਵਰਮਾ ਨਾਂ ਦੇ ਇੱਕ ਸੁਨਿਆਰੇ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਚਾਂਦੀ ਦੇ ਨਕਲੀ ਗਹਿਣੇ ਦੇ ਕੇ ਉਸ ਬਦਲੇ ਅਸਲੀ ਗਹਿਣੇ ਲੈ ਕੇ ਉਸ ਨਾਲ ਪੌਣੇ ਦੋ ਲੱਖ ਰੁਪਏ ਦੇ ਕਰੀਬ ਦੀ ਧੋਖਾਧੜੀ ਕਰਨ ਦੇ ਦੋਸ਼ ਅਧੀਨ ਕਮਲਾ, ਰਾਧਾ, ਦੋ ਅਣਪਛਾਤੀਆਂ ਔਰਤਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ’ਤੇ ਦੋ ਔਰਤਾਂ ਆਈਆਂ ਜਿਨ੍ਹਾਂ ਨੇ ਘੱਗਰਾ ਝੋਲੀ ਦਾ ਪਹਿਰਾਵਾ ਪਾਇਆ ਹੋਇਆ ਸੀ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਭੱਠਿਆਂ ’ਤੇ ਰਹਿ ਕੇ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਚਾਂਦੀ ਦੀਆਂ ਝਾਂਜਰਾ ਅਤੇ ਪੈਰਾਂ ਦੀਆਂ ਅਗੂੰਠੀਆਂ ਚਾਹੀਦੀਆਂ ਹਨ। ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਚਾਂਦੀ ਅਤੇ ਸੋਨੇ ਦੇ ਗਹਿਣੇ ਦਿਖਾ ਦਿੱਤੇ। ਇਸੇ ਦੌਰਾਨ ਉਥੇ ਦੋ ਔਰਤਾਂ ਹੋਰ ਆ ਗਈਆਂ। ਸਾਮਾਨ ਪਸੰਦ ਕਰਨ ਉਪਰੰਤ ਉਨ੍ਹਾਂ ਆਪਣੀ ਪੋਟਲੀ ਵਿਚੋਂ ਚਾਂਦੀ ਦੇ ਗਹਿਣੇ ਕੱਢੇ ਅਤੇ ਦੁਕਾਨਦਾਰ ਨੂੰ ਕਿਹਾ ਕਿ ਇਨ੍ਹਾਂ ਬਦਲੇ ਸੋਨੇ ਦੇ ਗਹਿਣੇ ਲੈਣੇ ਹਨ। ਇਸ ਤਰ੍ਹਾਂ ਇਨ੍ਹਾਂ ਚਾਰਾਂ ਔਰਤਾਂ ਨੇ ਪੁਰਾਣੀ ਚਾਂਦੀ ਦੇ ਕੇ ਨਵੇਂ ਗਹਿਣੇ ਲਏ ਅਤੇ ਜੋ ਫਰਕ ਸੀ ਉਹ ਨਕਦ ਲੈ ਲਿਆ। ਸ਼ਿਕਾਇਤਕਰਤਾ ਨੇ ਜਦੋਂ ਇਨ੍ਹਾਂ ਗਹਿਣਿਆਂ ਨੂੰ ਚੈੱਕ ਕਰਵਾਇਆ ਤਾਂ ਇਹ ਨਕਲੀ ਨਿਕਲੇ। ਇਸ ਤਰ੍ਹਾਂ ਔਰਤਾਂ ਨੇ ਉਸ ਨਾਲ 1.75 ਲੱਖ ਦੀ ਧੋਖਾਧੜੀ ਕੀਤੀ ਹੈ।