ਸ਼ਸ਼ੀ ਪਾਲ ਜੈਨ
ਖਰੜ, 11 ਜੂਨ
ਇਥੋਂ ਦੇ ਵਾਰਡ ਨੰਬਰ 24 ਦੀ ਰਹਿਣ ਵਾਲੀ ਮਾਇਆ ਦੇਵੀ (60) ਦੀ ਹੱਤਿਆ ਕਰ ਦਿੱਤੀ ਗਈ। ਉਸ ਨੂੰ ਪੈਸਿਆਂ ਦੇ ਲੈਣ-ਦੇਣ ਸਬੰਧੀ ਅਗਵਾ ਕੀਤਾ ਗਿਆ ਸੀ। ਮ੍ਰਿਤਕਾ ਦੇ ਪੁੱਤਰ ਵਿਕਾਸ ਤੋਮਰ ਨੇ ਦੱਸਿਆ ਕਿ ਉਸ ਦੀ ਮਾਂ ਨੇ ਰਣਜੀਤ ਨਗਰ ਦੀ ਰਹਿਣ ਵਾਲੀ ਕ੍ਰਿਸ਼ਨਾ ਦੇਵੀ ਤੋਂ ਢਾਈ-ਤਿੰਨ ਲੱਖ ਰੁਪਏ ਦੇ ਕਰੀਬ ਲੈਣੇ ਸਨ ਜਦੋਂ ਵੀ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੀ ਸੀ ਤਾਂ ਉਹ ਲਾਰੇ ਲਗਾਉਂਦੇ ਰਹਿੰਦੇ ਸੀ ਪਰ ਕੱਲ੍ਹ ਉਨ੍ਹਾਂ ਨੇ ਪੈਸੇ ਦੇਣ ਦਾ ਪੱਕਾ ਵਾਅਦਾ ਕੀਤਾ ਸੀ ਅਤੇ ਸ਼ਿਕਾਇਤਕਰਤਾ ਦੀ ਮਾਂ ਨੂੰ ਉਸ ਦਾ ਦੋਸਤ ਸਵੇਰੇ ਕ੍ਰਿਸ਼ਨਾ ਦੇ ਘਰ ਛੱਡਣ ਗਿਆ ਸੀ ਪਰ ਉਸ ਦੀ ਮਾਂ ਦੁਪਹਿਰ ਤਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਮਾਇਆ ਦੇਵੀ ਦਾ ਫੋਨ ਵੀ ਬੰਦ ਮਿਲਿਆ।
ਜਦੋਂ ਵਿਕਾਸ ਤੋਮਰ ਕ੍ਰਿਸ਼ਨਾ ਦੇ ਘਰ ਗਿਆ ਤਾਂ ਉਹ ਆਪਣਾ ਬਿਆਨ ਬਦਲਦੀ ਰਹੀ। ਪਰਿਵਾਰ ਨੂੰ ਇਸ ਤੋਂ ਸ਼ੱਕ ਹੋ ਗਿਆ ਅਤੇ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ ਕੈਮਰੇ ਵੀ ਦੇਖੇ ਗਏ ਤੇ ਸਿਟੀ ਪੁਲੀਸ ਨੂੰ ਲਾਪਤਾ ਹੋਣ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਇਹ ਪਤਾ ਚਲਦਾ ਸੀ ਕਿ ਉਸ ਨੂੰ ਕ੍ਰਿਸ਼ਨਾ ਦੇਵੀ, ਉਸ ਦੀ ਭੈਣ, ਉਸ ਦਾ ਪੁੱਤਰ ਅਤੇ ਪੁੱਤਰ ਦਾ ਇੱਕ ਦੋਸਤ ਆਪਣੇ ਨਾਲ ਕਿਸੇ ਕਾਰ ਵਿੱਚ ਲੈ ਕੇ ਗਏ ਹਨ ਜਿਨ੍ਹਾਂ ਦੀ ਪਛਾਣ ਗੁਰਦਾਸ ਸਿੰਘ, ਰਾਜ ਰਾਣੀ ਅਤੇ ਦਿਨੇਸ਼ ਵਜੋਂ ਹੋਈ ਹੈ।
ਇਸ ਤੋਂ ਬਾਅਦ ਰੌਲਾ ਪਾਉਣ ’ਤੇ ਉਨ੍ਹਾਂ ਉਸ ਦੀ ਮਾਂ ਦੇ ਮੂੰਹ ਵਿੱਚ ਕਣਕ ਵਿੱਚ ਰੱਖਣ ਵਾਲੀਆ ਗੋਲੀਆਂ ਪਾ ਦਿੱਤੀਆਂ ਤੇ ਮੋਰਿੰਡਾ ਨਜ਼ਦੀਕ ਕਾਈਨੌਰ ਕੋਲ ਇੱਕ ਸੀਵਰੇਜ ਦੇ ਮੇਨ ਹੌਲ ਵਿੱਚ ਸੁੱਟ ਆਏ ਜਿਸ ਵਿਚ ਪਾਣੀ ਨਹੀਂ ਸੀ।
ਪੁਲੀਸ ਨੇ ਗਟਰ ਵਿੱਚੋਂ ਔਰਤ ਦੀ ਲਾਸ਼ ਬਰਾਮਦ ਕਰ ਲਈ ਹੈ ਤੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਖਰੜ ਵਿਚ ਰਖਵਾ ਦਿੱਤੀ ਹੈ। ਡੀ.ਐਸ.ਪੀ. ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।