ਪੱਤਰ ਪ੍ਰੇਰਕ
ਕੁਰਾਲੀ, 13 ਮਾਰਚ
ਇਥੋਂ ਦੀ ਰੂਪਨਗਰ ਰੋਡ ’ਤੇ ਏਟੀਐੱਮ ਤੋਂ ਪੈਸੇ ਕਢਵਾਉਣ ਗਏ ਨੌਜਵਾਨ ਦਾ ਕਾਰਡ ਚੋਰੀ ਕਰ ਕੇ ਨਕਦੀ ਕਢਵਾ ਲਈ ਗਈ। ਸਥਾਨਕ ਮਾਡਲ ਟਾਊਨ ਵਾਸੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ ਪੈਸੇ ਕਢਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਵਿੱਚ ਗਿਆ ਸੀ। ਜਦੋਂ ਉਹ ਕੈਬਿਨ ਅੰਦਰ ਗਿਆ ਤਾਂ ਉੱਥੇ ਪਹਿਲਾਂ ਹੀ ਤਿੰਨ ਹੋਰ ਵਿਅਕਤੀ ਖੜ੍ਹੇ ਸਨ। ਉਸ ਨੇ ਆਪਣਾ ਏਟੀਐਮ ਕਾਰਡ ਪਾ ਕੇ ਮਸ਼ੀਨ ਵਿੱਚੋਂ ਪੈਸੇ ਕਢਵਾਉਣ ਲਈ ਪਿੰਨ ਕੋਡ ਟਾਈਪ ਕੀਤਾ ਪਰ ਪੈਸੇ ਨਹੀਂ ਨਿਕਲੇ ਅਤੇ ਫਿਰ ਉਹ ਪੈਸੇ ਕਢਵਾਉਣ ਲਈ ਦੂਜੇ ਕੈਬਿਨ ਵਿੱਚ ਲਗਾਈ ਏਟੀਐੱਮ ਵਿੱਚ ਗਿਆ ਤਾਂ ਉੱਥੇ ਵੀ ਪੈਸੇ ਨਹੀਂ ਨਿਕਲੇ।
ਪੈਸਿਆਂ ਦੀ ਜ਼ਰੂਰੀ ਲੋੜ ਹੋਣ ਕਾਰਨ ਉਹ ਬੈਂਕ ਦੇ ਅੰਦਰ ਚਲਾ ਗਿਆ। ਬੈਂਕ ਵਿੱਚ ਭੀੜ ਹੋਣ ਕਾਰਨ ਉਹ ਪੈਸੇ ਕਢਵਾਉਣ ਲਈ ਲਾਈਨ ਵਿੱਚ ਲੱਗ ਗਿਆ ਤੇ ਇਸੇ ਦੌਰਾਨ ਉਸ ਦੇ ਮੋਬਾਈਲ ’ਤੇ ਏਟੀਐੱਮ ਵਿੱਚੋਂ 21600 ਰੁਪਏ ਨਿਕਲਣ ਦਾ ਐੱਸਐੱਮਐੱਸ ਆਇਆ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਆਪਣੀ ਜੇਬ ਵਿੱਚ ਦੇਖਿਆ ਤਾਂ ਉਸ ਦਾ ਏਟੀਐੱਮ ਕਾਰਡ ਗਾਇਬ ਸੀ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਏਟੀਐੱਮ ਵਿੱਚ ਖੜ੍ਹੇ ਤਿੰਨ ਵਿਅਕਤੀਆਂ ਵਿੱਚੋਂ ਕਿਸੇ ਨੇ ਉਸ ਦਾ ਕਾਰਡ ਕੱਢ ਲਿਆ ਅਤੇ ਪੈਸੇ ਕਢਵਾ ਲਏ। ਇਸ ਸਬੰਧੀ ਉਸ ਨੇ ਤੁਰੰਤ ਬੈਂਕ ਅਤੇ ਪੁਲੀਸ ਨੂੰ ਸੂਚਿਤ ਕੀਤਾ।
ਪੁਲੀਸ ਵੱਲੋਂ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਦਕਿ ਨੌਸਰਬਾਜ਼ਾਂ ਵੱਲੋਂ ਰੂਪਨਗਰ ਦੇ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਸਬੰਧੀ ਬੈਂਕ ਤੋਂ ਪਤਾ ਚੱਲ ਗਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।