ਜਗਮੋਹਨ ਸਿੰਘ
ਰੂਪਨਗਰ, 10 ਜਨਵਰੀ
ਕਿਸਾਨੀ ਸੰਘਰਸ਼ ਦੌਰਾਨ ਬੰਦ ਰਿਹਾ ਸੋਲਖੀਆਂ ਦਾ ਟੌਲ ਪਲਾਜ਼ਾ ਮੁੜ ਸ਼ੁਰੂ ਹੋਣ ਨਾਲ ਨੇੜਲੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਹਨ।
ਪਿੰਡ ਖਾਬੜਾ ਦੇ ਸਰਪੰਚ ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ ਤੇ ਗੁਰਪਾਲ ਸਿੰਘ ਨੇ ਦੱਸਿਆ ਕਿ ਰੇਤੇ ਬਜਰੀ ਦੇ ਭਰੇ ਹੋਏ ਓਵਰਲੋਡ ਟਿੱਪਰਾਂ ਦੇ ਚਾਲਕ ਟੌਲ ਟੈਕਸ ਬਚਾਉਣ ਦੇ ਚੱਕਰ ਵਿੱਚ ਸ਼ਾਲਾਪਰ, ਖਾਬੜਾ ਆਦਿ ਪਿੰਡਾਂ ਤੋਂ ਹੁੰਦੇ ਹੋਏ ਭਗਵੰਤਪੁਰ ਰਾਹੀਂ ਮੁੜ ਨੈਸ਼ਨਲ ਹਾਈਵੇਅ ’ਤੇ ਚੜ੍ਹ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਤੰਗ ਹੋਣ ਕਾਰਨ ਹਰ ਪਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ ਸੰਘਰਸ਼ ਦੌਰਾਨ ਇਲਾਕਾ ਵਾਸੀਆਂ ਨੂੰ ਟਿੱਪਰਾਂ ਤੋਂ ਰਾਹਤ ਮਿਲੀ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਪਿੰਡਾਂ ਦੀਆਂ ਸੜਕਾਂ ਤੋਂ ਰੇਤੇ ਬਜਰੀ ਦੇ ਟਿੱਪਰਾਂ ਦੀ ਆਵਾਜਾਈ ਬੰਦ ਕੀਤੀ ਜਾਵੇ।