ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 30 ਜੂਨ
ਸ਼ਹਿਰ ਵਿੱਚ ਅੱਜ ਸਵੇਰ ਤੋਂ ਪਏ ਭਰਵੇਂ ਮੀਂਹ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਨਿਕਾਸੀ ਨਾ ਮਿਲਣ ਕਾਰਨ ਥਾਂ-ਥਾਂ ਪਾਣੀ ਭਰ ਗਿਆ। ਮਾਨਸੂਨ ਦੀ ਆਮਦ ਤੋਂ ਪਹਿਲਾਂ ਪਏ ਮੀਂਹ ਨੇ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪਈ। ਇਥੋਂ ਦੇ ਵਾਰਡ ਨੰਬਰ ਸੱਤ ਦੀ ਇਕ ਗਲੀ ਵਿੱਚ ਕਾਫੀ ਵੱਡਾ ਪਾੜ੍ਹ ਪੈ ਗਿਆ, ਜਿਸ ਕਾਰਨ ਲੋਕ ਸਹਿਮ ਗਏ।
ਇਥੋਂ ਦੇ ਬਲਟਾਣਾ, ਢਕੋਲੀ, ਭਬਾਤ, ਪੀਰਮੁਛੱਲਾ ਅਤੇ ਲੋਹਗੜ੍ਹ ਖੇਤਰ ਵਿੱਚ ਪਾਣੀ ਭਰ ਗਿਆ। ਸ਼ਹਿਰ ਦੀਆਂ ਕਈ ਨੀਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਸੁਸਾਇਟੀਆਂ ਵਿੱਚ ਨਿਕਾਸ ਨਾ ਮਿਲਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਵੀਆਈਪੀ ਰੋਡ ਸਣੇ ਹੋਰਨਾਂ ਖੇਤਰਾਂ ਵਿੱਚ ਪੰਪ ਲਾ ਕੇ ਸੁਸਾਇਟੀਆਂ ਅਤੇ ਕਲੋਨੀਆਂ ਵਿੱਚੋਂ ਪਾਣੀ ਬਾਹਰ ਕੱਢਿਆ ਗਿਆ। ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਹਰ ਵਾਰ ਵਾਂਗ ਪਾਣੀ ਭਰਨ ਕਾਰਨ ਜਾਮ ਲੱਗ ਗਿਆ। ਮੀਂਹ ਦੇ ਪਾਣੀ ਨਾਲ ਘੰਟਿਆਂਬੱਧੀ ਜਾਮ ਕਾਰਨ ਵਾਹਨ ਚਾਲਕਾਂ ਨੂੰ ਖੱਜਲ ਹੋਣਾ ਪਿਆ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਮਾਨਸੂਨ ਨੂੰ ਦੇਖਦਿਆਂ ਪਹਿਲਾਂ ਹੀ ਨਿਕਾਸੀ ਪ੍ਰਬੰਧ ਦਰੁੱਸਤ ਕੀਤੇ ਜਾ ਰਹੇ ਹਨ।
ਖਰੜ (ਪੱਤਰ ਪ੍ਰੇਰਕ): ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਵਿੱਚ ਡੁੱਬੇ ਮਿਲੇ। ਮੀਂਹ ਦੇ ਪਾਣੀ ਨੇ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਨੂੰ ਮੁਕੰਮਲ ਤੌਰ ’ਤੇ ਫੇਲ੍ਹ ਕਰ ਦਿੱਤਾ। ਸ਼ਹਿਰ ਦੀ ਪ੍ਰਮੁੱਖ ਸੜਕ ਆਰਿਆ ਕਾਲਜ ਰੋਡ ਅਤੇ ਉਸ ਦੇ ਨਾਲ ਲੱਗਦੀ ਲਾਂਡਰਾ ਰੋਡ ਦੇ ਮਕਾਨਾਂ ਅਤੇ ਦੁਕਾਨਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਉਥੋਂ ਦੇ ਵਪਾਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਬੰਧੀ ਸਾਰੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਕਿ ਗੰਦਾ ਨਾਲਾ ਜੋ ਪਾਣੀ ਨੂੰ ਐੱਫਸੀਆਈ ਦੇ ਗੁਦਾਮਾਂ ਤੱਕ ਲੈ ਕੇ ਜਾਂਦਾ ਹੈ, ਨੂੰ ਸਾਫ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਹੁੰਦੀ। ਅੱਜ ਹਮੇਸ਼ਾ ਦੀ ਤਰ੍ਹਾਂ ਪਾਣੀ ਦੁਕਾਨਾਂ ਅਤੇ ਘਰਾਂ ਵਿਚ ਦਾਖਲ ਹੋ ਗਿਆ।
ਕੁਰਾਲੀ (ਪੱਤਰ ਪ੍ਰੇਰਕ): ਸ਼ਹਿਰ ਵਿਚ ਅੱਜ ਕੁਝ ਸਮੇਂ ਲਈ ਪਏ ਮੀਂਹ ਕਾਰਨ ਸਾਰਾ ਸ਼ਹਿਰ ਜਲਥਲ ਹੋ ਗਿਆ। ਮੀਂਹ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਕਈ ਵਾਰਡਾਂ ਦੀਆਂ ਗਲ਼ੀਆਂ ਅਤੇ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ, ਜਦੋਂਕਿ ਸੈਂਕੜੇ ਘਰਾਂ ਤੇ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ। ਸ਼ਹਿਰ ਵੱਖ-ਵੱਖ ਵਾਰਡਾਂ ਦੀਆਂ ਗਲੀਆਂ, ਫੁਆਰਾ ਚੌਕ, ਸਬਜ਼ੀ ਮੰਡੀ ਚੌਕ, ਖਰੜ ਦੀ ਕੌਮੀ ਮਾਰਗ, ਨਗਰ ਖੇੜਾ ਚੌਕ, ਸਟੇਸ਼ਨ ਮੰਡੀ, ਰੇਲਵੇ ਰੋਡ, ਕੌਂਸਲ ਰੋਡ ਸਮੇਤ ਮੇਨ ਬਾਜ਼ਾਰ ਆਦਿ ਸਾਰਾ ਇਲਾਕਾ ਜਲਥਲ ਹੋ ਗਿਆ।
ਬਨੂੜ (ਪੱਤਰ ਪ੍ਰੇਰਕ): ਬਰਸਾਤ ਦੇ ਪਹਿਲੇ ਮੀਂਹ ਨੇ ਨਗਰ ਕੌਂਸਲ ਬਨੂੜ ਵੱਲੋਂ ਪਾਣੀ ਦੇ ਨਿਕਾਸ ਲਈ ਕੀਤੇ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ ਹੈ। ਅੱਜ ਸਵੇਰੇ ਡੇਢ ਘੰਟੇ ਦੇ ਕਰੀਬ ਪਈ ਭਰਵੀਂ ਬਾਰਿਸ਼ ਨਾਲ ਐੱਮਸੀ ਰੋਡ ਦੀਆਂ ਕਈਂ ਦੁਕਾਨਾਂ ਅਤੇ ਕਈਂ ਵਾਰਡਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਐੱਮਸੀ ਰੋਡ, ਮੇਨ ਬਾਜ਼ਾਰ, ਪਸ਼ੂ ਹਸਪਤਾਲ ਵਾਲਾ ਖੇਤਰ ਮੀਂਹ ਹਟਣ ਤੋਂ ਕਈ ਘੰਟੇ ਬਾਅਦ ਤੱਕ ਵੀ ਝੀਲ ਵਾਂਗ ਬਣੇ ਰਹੇ। ਐੱਮਸੀ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਤਤਕਾਲੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਣੀ ਦੇ ਨਿਕਾਸ ਲਈ 34 ਲੱਖ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਤੇ ਇਸ ਪ੍ਰਾਜੈਕਟ ਦੀਆਂ ਪਾਈਪਾਂ ਕੌਂਸਲ ਦੇ ਅਹਾਤੇ ਵਿੱਚ ਪਈਆਂ ਹਨ ਪਰ ਇਹ ਕੰਮ ਅਮਲੀ ਤੌਰ ’ਤੇ ਆਰੰਭ ਹੀ ਨਹੀਂ ਕੀਤਾ ਗਿਆ। ਸਿਵਲ ਪਸ਼ੂ ਹਸਪਤਾਲ ਬਨੂੜ ਦੇ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਹਸਪਤਾਲ ਦੇ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਪਾਣੀ ਭਰ ਗਿਆ ਹੈ। ਉਥੇ ਹੀ ਭਰਵੇਂ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ।
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਮੀਂਹ ਕਾਰਨ ਸਰਹਿੰਦ ਦੀ ਪੁਰਾਣੀ ਦਾਣਾ ਮੰਡੀ ਨਾਲ ਲੱਗਦੇ ਮੁੱਖ ਬਾਜ਼ਾਰ ਨੇ ਟੋਭੇ ਦਾ ਰੂਪ ਧਾਰਨ ਕਰ ਲਿਆ, ਜਿਸ ਦਾ ਮੁੱਖ ਕਾਰਨ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ,ਗੁਰਿੰਦਰ ਸਿੰਘ, ਪ੍ਰਿੰਸ ਕੁਮਾਰ, ਤਰਨਜੀਤ ਅਤੇ ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਬਰਸਾਤੀ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਰੋਕੀ ਹੋਈ ਹੈ, ਜਿਸ ਕਾਰਨ ਮੀਂਹ ਪੈਂਦੇ ਸਾਰ ਹੀ ਮੇਨ ਬਾਜ਼ਾਰ ਦਾ ਹਾਲ ਮੰਦਾ ਹੋ ਜਾਂਦਾ ਹੈ।
ਅਮਲੋਹ (ਪੱਤਰ ਪ੍ਰੇਰਕ): ਮੀਂਹ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਮਲੋਹ ਸ਼ਹਿਰ ਦੀ ਤਰਸਯੋਗ ਹਾਲਤ ਬਣ ਗਈ ਅਤੇ ਸ਼ਹਿਰ ਦੇ ਬਾਜ਼ਾਰਾਂ ਤੇ ਮੁਹੱਲਿਆ ਵਿਚ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਮੋਰਿੰਡਾ ਦੇ ਰੇਲਵੇ ਅੰਡਰਬ੍ਰਿਜ ਨੇ ਤਲਾਬ ਦਾ ਰੂਪ ਧਾਰਿਆ
ਮੋਰਿੰਡਾ (ਪੱਤਰ ਪ੍ਰੇਰਕ): 22 ਕਰੋੜ ਦੀ ਲਾਗਤ ਨਾਲ ਉਸਾਰੇ ਮੋਰਿੰਡਾ ਦੇ ਰੇਲਵੇ ਅੰਡਰਬ੍ਰਿਜ ਨੇ ਅੱਜ ਤਲਾਬ ਦਾ ਰੂਪ ਧਾਰ ਲਿਆ, ਜਿਥੇ ਬਰਸਾਤੀ ਪਾਣੀ 3-4 ਫੁੱਟ ਤੱਕ ਜਮ੍ਹਾਂ ਹੋ ਗਿਆ। ਪਾਣੀ ਭਰਨ ਕਾਰਨ ਬਹੁਤ ਸਾਰੇ ਸਕੂਟਰ, ਮੋਟਰਸਾਈਕਲ ਅਤੇ ਕਈ ਕਾਰਾਂ ਤੇ ਬੱਸਾਂ ਵੀ ਪਾਣੀ ਵਿੱਚ ਜਾਮ ਹੋ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ। ਦੁਕਾਨਦਾਰਾਂ ਜਗਪਾਲ ਸਿੰਘ ਜੌਲੀ, ਲਖਵੀਰ ਸਿੰਘ ਲਵਲੀ, ਵਿਨੋਦ ਕੁਮਾਰ ਮਹਿਤਾ, ਨਿਰਦੋਸ਼ ਕੁਮਾਰ ਅਰੋੜਾ, ਜਗਵਿੰਦਰ ਸਿੰਘ ਪੰਮੀ, ਅੰਮ੍ਰਿਤਪਾਲ ਸਿੰਘ ਖੱਟੜਾ ਆਦਿ ਨੇ ਦੱਸਿਆ ਕਿ ਅੰਡਰਬ੍ਰਿਜ ਥੱਲੇ ਜਮ੍ਹਾਂ ਹੋਏ ਵਾਲੇ ਮੀਂਹ ਦੇ ਪਾਣੀ ਦੀ ਨਿਕਾਸੀ ਬਾਰੇ ਉਨ੍ਹਾਂ ਪਹਿਲਾਂ ਵੀ ਵਿਭਾਗੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਅਧਿਕਾਰੀਆਂ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ।
ਕੱਚੀ ਨਹਿਰ ’ਤੇ ਬਣਿਆ ਆਰਜ਼ੀ ਰਸਤਾ ਮੀਂਹ ਦੇ ਪਾਣੀ ’ਚ ਹੜ੍ਹਿਆ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਤੇਜ਼ ਬਾਰਿਸ਼ ਕਾਰਨ ਬਰਸਾਤੀ ਪਾਣੀ ਨੇ ਪਿੰਡ ਤੀੜਾ ਤੇ ਝਾਮਪੁਰ ਵਿਚਾਲੋਂ ਲੰਘਦੀ ਪਟਿਆਲਾ ਕੀ ਰਾਓ ਨਦੀ ਵਾਲੀ ਕੱਚੀ ਨਹਿਰ ’ਤੇ ਬਣਾਏ ਆਰਜ਼ੀ ਰਸਤੇ ਨੂੰ ਅੱਜ ਹੜ੍ਹਾ ਦਿੱਤਾ, ਜਿਸ ਕਰ ਕੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਪਿੰਡ ਤੀੜਾ ਦੇ ਪ੍ਰਧਾਨ ਗੁਰਮੀਤ ਸਿੰਘ, ਸੂਰਜ ਜੰਡ, ਅੰਮ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਸੋਹਣ ਸਿੰਘ, ਕਰਨੈਲ ਸਿੰਘ ਤੇ ਸ਼ਾਮ ਸਿੰਘ ਆਦਿ ਨੇ ਦੱਸਿਆ ਕਿ ਪੁਲ ਉਸਾਰੀ ਦਾ ਕੰਮ ਕੀੜੀ ਦੀ ਚਾਲ ਨਾਲ ਚਲਾਇਆ ਜਾ ਰਿਹਾ ਹੈ, ਜਿਸ ਕਰ ਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਸਬੰਧਤ ਜੇਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲ ਦਾ ਇੱਕ ਹਿੱਸਾ ਬਣ ਗਿਆ ਹੈ ਤੇ ਜੇ ਬਾਰਿਸ਼ਾਂ ਕਾਰਨ ਕੰਮ ਵਿਚ ਵਿਘਨ ਨਾ ਪਿਆ ਤਾਂ ਦੂਜਾ ਹਿੱਸਾ ਵੀ ਇਸੇ ਸਾਲ ਅਗਸਤ ਮਹੀਨੇ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।