ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 8 ਅਕਤੂਬਰ
ਉੱਤਰ ਭਾਰਤ ਦੇ ਪ੍ਰਸਿੱਧ ਛੱਤਬੀੜ ਚਿੜੀਆਘਰ ਵਿੱਚ 2 ਤੋਂ 8 ਅਕਤੂਬਰ ਤੱਕ ਮਨਾਇਆ ਗਿਆ ਜੰਗਲੀ ਜੀਵ ਹਫਤਾ ਅੱਜ ਸਮਾਪਤ ਹੋ ਗਿਆ। ਇਸ ਜੰਗਲੀ ਜੀਵ ਹਫਤੇ ਦੌਰਾਨ 16 ਹਜ਼ਾਰ 608 ਸੈਲਾਨੀਆਂ ਨੇ ਚਿੜੀਆਘਰ ਦਾ ਆਨੰਦ ਮਾਣਦੇ ਹੋਏ ਵੱਖ ਵੱਖ ਜਾਨਵਰਾਂ ਅਤੇ ਪੰਛੀਆਂ ਦੇ ਰਹਿਣ ਸਹਿਣ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਇਸ ਹਫਤੇ ਦੌਰਾਨ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਅਤੇ ਹੋਰ ਨੇੜਲੇ ਖੇਤਰ ਦੇ 21 ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 206 ਵਿਦਿਆਰਥੀਆਂ ਨੇ ਚਿੜੀਆਘਰ ਪ੍ਰਬਧੰਕਾਂ ਵਲੋਂ ਕਰਵਾਏ ਵੱਖ ਵੱਖ ਤਰ੍ਹਾਂ ਦੇ ਕੁਇਜ਼ ਤੋਂ ਇਲਾਵਾ ਲੇਖ ਅਤੇ ਡਰਾਇੰਗ ਮੁਕਾਬਲਿਆ ਵਿੱਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਛੱਤਬੀੜ ਚਿੜੀਆਘਰ ਦੀ ਫੀਲਡ ਡਾਇਰੈਕਟਰ ਕੇ ਕਲਪਨਾ ਨੇ ਦੱਸਿਆ ਕਿ ਅੱਜ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ ਅਖੀਰਲੇ ਦਿਨ ਸਭ ਤੋਂ ਵੱਧ 5419 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ। ਅੱਜ ਚਿੜੀਆਘਰ ਵਿੱਚ ਜੰਗਲੀ ਜੀਵ ਹਫਤੇ ਦੀ ਸਮਾਪਤੀ ਮੌਕੇ ਕਰੀਬ 55 ਕਿਲੋਮੀਟਰ ਲੰਬੀ ਸਾਈਕਲ ਰੈਲੀ ਕਰਵਾਈ ਗਈ।