ਹਰਜੀਤ ਸਿੰਘ
ਡੇਰਾਬੱਸੀ, 8 ਫਰਵਰੀ
ਇਥੋਂ ਦੇ ਭਗਤ ਸਿੰਘ ਨਗਰ ਦੀ ਵਸਨੀਕ ਇਕ 32 ਸਾਲਾ ਵਿਧਵਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸਿਮਰਨ ਪੁੱਤਰੀ ਮੰਗਲ ਸਿੰਘ ਵਾਸੀ ਭਗਤ ਸਿੰਘ ਨਗਰ ਗਲੀ ਨੰਬਰ 6 ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾ ਆਪਣੇ ਪਿੱਛੇ ਦੋ ਧੀਆਂ ਛੱਡ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਸਿਮਰਨ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਮਾਂ ਬਿਮਾਰ ਹੋਣ ਕਾਰਨ ਉਹ ਇਥੇ ਆਪਣੇ ਪੇਕੇ ਪਰਿਵਾਰ ਆਈ ਸੀ। ਅੱਜ ਦੁਪਹਿਰ ਤਕਰੀਬਨ ਦੋ ਵਜੇ ਉਸ ਨੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਮੌਕੇ ਤੋਂ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਮ੍ਰਿਤਕਾ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋਣ ਮਗਰੋਂ ਉਸ ਦਾ ਸਹੁਰਾ ਪਰਿਵਾਰ ਉਸ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਲੰਘੇ ਦਿਨਾਂ ਤੋਂ ਉਹ ਆਪਣੀ ਧੀਆਂ ਨਾਲ ਇਥੇ ਆਪਣੀ ਮਾਂ ਦਾ ਪਤਾ ਕਰਨ ਆਈ ਹੋਈ ਸੀ। ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਸਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਸਬੰਧੀ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਕਾਰਵਾਈ ਕੀਤੀ ਜਾਏਗੀ।