ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 16 ਫਰਵਰੀ
ਇੱਥੇ ਅੱਜ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਇਹ ਭਾਜਪਾ ਦੀ ‘ਬੀ’ ਟੀਮ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿਨ੍ਹਾਂ ਗਾਰੰਟੀਆਂ ਸਬੰਧੀ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ, ਉਹ ਪੰਜਾਬੀਆਂ ਨੂੰ ਇਹ ਦੱਸੇ ਕਿ ਉਸ ਨੇ ਇਨ੍ਹਾਂ ਗਾਰੰਟੀਆਂ ਵਾਲੀਆਂ ਸਹੂਲਤਾਂ ਦਿੱਲੀ ਵਿੱਚ ‘ਆਪ’ ਸਰਕਾਰ ਹੁੰਦਿਆਂ ਦਿੱਲੀ ਵਾਸੀਆਂ ਨੂੰ ਕਿਉਂ ਨਹੀਂ ਦਿੱਤੀਆਂ। ਉਹ ਅੱਜ ਇੱਥੇ ਵਿਖੇ ਵੱਖ-ਵੱਖ ਥਾਈਂ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਦੂਜੇ ਪਾਸੇ ਮੇਅਰ ਜੀਤੀ ਸਿੱਧੂ ਨੇ ਵੀ ਆਪਣੇ ਭਰਾ ਦੇ ਹੱਕ ਵਿਚ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ।
ਸ੍ਰੀ ਸਿੱਧੂ ਨੇ ਆਖਿਆ ਕਿ ‘ਆਪ’ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਮੁਹਾਲੀ ਹਲਕੇ ਬਾਰੇ ਕੁੱਝ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਹਲਕੇ ਦੇ ਪਿੰਡਾਂ ਦੇ ਨਾਵਾਂ ਬਾਰੇ ਵੀ ਨਹੀਂ ਜਾਣਦੇ, ਉਹ ਹਲਕੇ ਦਾ ਹੋਰ ਭਲਾ ਕਿਵੇਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਲਈ ਜ਼ਿੰਮੇਵਾਰ ਹੈ ਅਤੇ ‘ਆਪ’ ਨੂੰ ਵੋਟ ਪਾਉਣਾ ਵੀ ਭਾਜਪਾ ਨੂੰ ਵੋਟ ਪਾਉਣ ਦੇ ਬਰਾਬਰ ਹੈ। ਉਨ੍ਹਾਂ ਹਲਕੇ ਵਿੱਚ ਕਰਵਾਏ ਵਿਕਾਸ ਦੇ ਕੰਮ ਗਿਣਵਾਏ ਅਤੇ ਵਿਕਾਸ ਦੀ ਗਤੀ ਨੂੰ ਹੋਰ ਰਫ਼ਤਾਰ ਦੇਣ ਲਈ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਮੁਹਾਲੀ ਦੇ ਉਦਯੋਗਪਤੀਆਂ ਨੇ ਬਲਬੀਰ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਫੇਜ਼-7 ਵਿੱਚ ਕੌਂਸਲਰ ਪਰਮਜੀਤ ਹੈਪੀ ਦੀ ਅਗਵਾਈ ਹੇਠ ਵੱਡੇ ਇਕੱਠ ਨੇ ਕਾਂਗਰਸ ਨੂੰ ਜਿਤਾਉਣ ਦਾ ਅਹਿਦ ਲਿਆ। ਪਿੰਡ ਜਗਤਪੁਰਾ ਵਿੱਚ ਭਰਵੀਂ ਇਕੱਤਰਤਾ ਦੌਰਾਨ ਦਰਜਨਾਂ ‘ਆਪ’ ਵਰਕਰਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਇੱਥੇ ਮੇਅਰ ਜੀਤੀ ਸਿੱਧੂ ਨੇ ਸਾਰਿਆਂ ਦਾ ਸਵਾਗਤ ਕੀਤਾ।
ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਹਰਕੇਸ਼ ਚੰਦ ਸ਼ਰਮਾ, ਕਾਂਗਰਸ ਦੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਵੀ ਵੱਖ-ਵੱਖ ਵਾਰਡਾਂ ਵਿੱਚ ਮੇਅਰ ਲਈ ਵੋਟਾਂ ਮੰਗੀਆਂ।
ਸਰਪੰਚਾਂ ਵੱਲੋਂ ਬਲਬੀਰ ਸਿੱਧੂ ਨੂੰ ਜਿਤਾਉਣ ਦੀ ਅਪੀਲ
ਪਿੰਡ ਸਨੇਟਾ ਦੇ ਸਰਪੰਚ ਭਗਤ ਰਾਮ, ਨਗਾਰੀ ਦੇ ਸਰਪੰਚ ਭੂਪਿੰਦਰ ਕੁਮਾਰ, ਸ਼ਾਮਪੁਰ ਦੇ ਸਰਪੰਚ ਇੰਦਰਜੀਤ ਪੁਰੀ, ਮਨੌਲੀ ਦੇ ਸਰਪੰਚ ਜ਼ੋਰਾ ਸਿੰਘ, ਗੀਗੇਮਾਜਰਾ ਦੇ ਸਰਪੰਚ ਤਰਸੇਮ ਸਿੰਘ, ਗੋਬਿੰਦਗੜ੍ਹ ਦੇ ਸਰਪੰਚ ਰਾਮ ਈਸ਼ਵਰ, ਗੁਡਾਣਾ ਦੇ ਸਰਪੰਚ ਹਰਿੰਦਰ ਸਿੰਘ ਜੋਨੀ, ਕੁਰੜਾ ਦੇ ਸਰਪੰਚ ਦਵਿੰਦਰ ਸਿੰਘ, ਗਿੱਦੜਪੁਰ ਦੇ ਸਰਪੰਚ ਜਸਵਿੰਦਰ ਸਿੰਘ ਪੱਪਾ, ਮੌਲੀ ਬੈਦਵਾਨ ਦੇ ਸਰਪੰਚ ਬੀ.ਕੇ. ਗੋਇਲ ਨੇ ਹਲਕੇ ਵਿੱਚ ਹੋਏ ਵਿਕਾਸ ਕੰਮਾਂ ਦਾ ਵੇਰਵਾ ਦਿੰਦਿਆਂ ਹਲਕਾ ਵਾਸੀਆਂ ਨੂੰ ਬਲਬੀਰ ਸਿੰਘ ਸਿੱਧੂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।