ਕਰਮਜੀਤ ਸਿੰਘ ਚਿੱਲਾ
ਬਨੂੜ, 2 ਅਪਰੈਲ
ਬਨੂੜ ਦੇ ਤੀਹ ਬਿਸਤਰਿਆਂ ਵਾਲੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਪਿਛਲੇ ਡੇਢ ਸਾਲ ਤੋਂ 300 ਐਮਏ ਵਾਲੀ ਨਵੀਂ ਡੱਬੇਬੰਦ ਐਕਸ-ਰੇਅ ਮਸ਼ੀਨ ਚਾਲੂ ਹੋਣ ਦੀ ਉਡੀਕ ਵਿੱਚ ਹਸਪਤਾਲ ਦੇ ਵਰਾਂਡੇ ਦਾ ਸ਼ਿੰਗਾਰ ਬਣੀ ਹੋਈ ਹੈ। ਹਸਪਤਾਲ ਵਿੱਚ ਪਹਿਲਾਂ 100 ਐੱਮਏ ਵਾਲੀ ਮਸ਼ੀਨ ਲੱਗੀ ਹੋਈ ਹੈ, ਜਿਸ ਵਿੱਚ ਸਿਰਫ਼ ਛੋਟੇ ਐਕਸ-ਰੇਅ ਹੀ ਹੁੰਦੇ ਹਨ। ਨਵੀਂ ਐਕਸ-ਰੇਅ ਮਸ਼ੀਨ ਦੀ ਕੰਪਨੀ ਵੱਲੋਂ ਦਿੱਤੀ ਹੋਈ ਇੱਕ ਸਾਲ ਦੀ ਵਾਰੰਟੀ ਵੀ ਵਰਾਂਡੇ ਵਿੱਚ ਬੰਦ ਡੱਬੇ ਵਿੱਚ ਪਈ ਦੀ ਹੀ ਮੁੱਕ ਗਈ ਹੈ।
ਜਾਣਕਾਰੀ ਅਨੁਸਾਰ ਬਨੂੜ ਖੇਤਰ ਦੇ ਚਾਰ ਦਰਜਨ ਦੇ ਕਰੀਬ ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਬਨੂੜ ਦੇ ਕਮਿਊਨਿਟੀ ਸਿਹਤ ਕੇਂਦਰ 2020 ਦੇ ਅਖੀਰ ਵਿੱਚ ਸਿਹਤ ਕਾਰਪੋਰੇਸ਼ਨ ਵੱਲੋਂ ਐਕਸ-ਰੇਅ ਦੀ ਇਹ ਵੱਡੀ ਮਸ਼ੀਨ ਭੇਜੀ ਗਈ ਸੀ। ਇਸ ਮਸ਼ੀਨ ਨਾਲ ਹਸਪਤਾਲ ਦੇ ਅੰਦਰ ਹੀ ਹਰ ਤਰ੍ਹਾਂ ਦੇ ਐਕਸ-ਰੇਅ ਹੋਣ ਦੀ ਸਹੂਲਤ ਉਪਲਬਧ ਹੋਣੀ ਸੀ।
ਸਿਹਤ ਕਾਰਪੋਰੇਸ਼ਨ ਵੱਲੋਂ ਭੇਜੀ ਗਈ ਇਸ ਐਕਸ-ਰੇਅ ਮਸ਼ੀਨ ਨੂੰ ਸਥਾਪਤ ਕਰਨ ਲਈ ਪੁਰਾਣੀ ਛੋਟੀ ਐਕਸ-ਰੇਅ ਮਸ਼ੀਨ ਵਾਲੇ ਕਮਰੇ ਦੇ ਦਰਵਾਜ਼ੇ ਨੂੰ ਵੱਡਾ ਕੀਤਾ ਜਾਣਾ ਸੀ। ਬਨੂੜ ਹਸਪਤਾਲ ਦੀ ਪਹਿਲੀ ਅਤੇ ਮੌਜੂਦਾ ਸੀਨੀਅਰ ਮੈਡੀਕਲ ਅਫ਼ਸਰ ਨੇ ਮਸ਼ੀਨ ਦੀ ਸਥਾਪਤੀ ਲਈ ਸਿਹਤ ਕਾਰਪੋਰੇਸ਼ਨ ਨੂੰ ਕਈ ਪੱਤਰ ਵੀ ਲਿਖੇ।
ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਕਈ ਵੇਰ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪਰ ਇਸ ਦੇ ਬਾਵਜੂਦ ਸਿਹਤ ਕਾਰਪੋਰੇਸ਼ਨ ਨੇ ਐਕਸ-ਰੇਅ ਮਸ਼ੀਨ ਨੂੰ ਫਿੱਟ ਕਰ ਕੇ ਚਾਲੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਬਨੂੜ ਖੇਤਰ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਿਹਤ ਕਾਰਪੋਰੇਸ਼ਨ ਵੱਲੋਂ ਡੇਢ ਸਾਲ ਤੋਂ ਬਨੂੜ ਹਸਪਤਾਲ ਵਿੱਚ ਚਿੱਟਾ ਹਾਥੀ ਬਣੀ ਇਸ ਐਕਸ-ਰੇਅ ਮਸ਼ੀਨ ਨੂੰ ਚਾਲੂ ਨਾ ਕਰ ਸਕਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਐਕਸ-ਰੇਅ ਮਸ਼ੀਨ ਜਲਦੀ ਫਿੱਟ ਹੋ ਜਾਵੇਗੀ: ਐੱਸਐੱਮਓ
ਕਮਿਊਨਿਟੀ ਸਿਹਤ ਕੇਂਦਰ ਬਨੂੜ ਦੀ ਐੱਸਐੱਮਓ ਡਾ. ਰਵਨੀਤ ਕੌਰ ਨੇ ਦੱਸਿਆ ਕਿ ਸਿਹਤ ਕਾਰਪੋਰੇਸ਼ਨ ਵੱਲੋਂ ਹਸਪਤਾਲ ਦੀ ਰੇਨੋਵੇਸ਼ਨ ਦਾ ਕੰਮ ਆਰੰਭਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਪੁਰਾਣੀ ਛੋਟੀ ਐਕਸ-ਰੇਅ ਮਸ਼ੀਨ ਦੀ ਥਾਂ ਵੱਡੀ ਨਵੀਂ ਮਸ਼ੀਨ ਵਾਲੇ ਕਮਰੇ ਨੂੰ ਠੀਕ ਕੀਤਾ ਜਾ ਰਿਹਾ ਹੈ ਤੇ ਪੁਰਾਣੀ ਮਸ਼ੀਨ ਉਤਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਨਵੀਂ ਮਸ਼ੀਨ ਫ਼ਿੱਟ ਹੋ ਕੇ ਚਾਲੂ ਹੋ ਜਾਵੇਗੀ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਵੀਂ ਐਕਸ-ਰੇਅ ਮਸ਼ੀਨ ਤਕਰੀਬਨ ਡੇਢ ਸਾਲ ਦੀ ਆਈ ਹੋਈ ਹੈ।