ਕਰਮਜੀਤ ਸਿੰਘ ਚਿੱਲਾ
ਬਨੂੜ, 31 ਦਸੰਬਰ
ਪਿੰਡ ਕਲੌਲੀ ਅਤੇ ਮੋਟੇਮਾਜਰਾ ਦਰਮਿਆਨ ਚੰਡੀਗੜ੍ਹ ਚੋਈ ਉੱਤੇ ਪਿਛਲੇ ਵਰ੍ਹੇ ਲਗਾਇਆ ਗਿਆ ਪੁਲ ਚਿੱਟਾ ਹਾਥੀ ਬਣਿਆ ਹੋਇਆ ਹੈ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਪੁਲ ਉੱਤੇ ਖਰਚੀ ਗਈ ਸੱਤਰ ਲੱਖ ਦੇ ਕਰੀਬ ਦੀ ਰਾਸ਼ੀ ਪੰਚਾਇਤ ਸਮਿਤੀ ਰਾਜਪੁਰਾ ਕੋਲੋਂ ਮੁਹੱਈਆ ਕਰਾ ਕੇ ਇਹ ਪੁਲ ਮੁਕੰਮਲ ਕਰਵਾਇਆ ਸੀ। ਇਸ ਪੁਲ ਨਾਲ ਦਰਜਨਾਂ ਪਿੰਡਾਂ ਦੇ ਵਸਨੀਕਾਂ ਦਾ ਬਨੂੜ ਜਾਣ ਦੀ ਥਾਂ ਮੋਟੇਮਾਜਰਾ ਰਾਹੀਂ ਲਾਂਡਰਾਂ ਵਾਲੇ ਮਾਰਗ ਨਾਲ ਸਿੱਧਾ ਸੰਪਰਕ ਜੁੜਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੁਲ ਦਾ ਇੱਕ ਪਾਸਾ ਪਿੰਡ ਕਲੌਲੀ ਵਾਲੇ ਪਾਸੇ ਰਾਜਪੁਰਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਪੁਲ ਦਾ ਦੂਜਾ ਮੋਟੇਮਾਜਰਾ ਵਾਲਾ ਪਾਸਾ ਮੁਹਾਲੀ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ। ਕਲੌਲੀ ਵਾਲੇ ਪਾਸੇ ਚਾਰ ਕੁ ਸੌ ਮੀਟਰ ਸੜਕ ਕੱਚੀ ਹੈ। ਮੋਟੇਮਾਜਰਾ ਵਾਲੇ ਪਾਸੇ ਡੇਢ ਕਿਲੋਮੀਟਰ ਦੇ ਕਰੀਬ ਕੱਚਾ ਰਾਹ ਹੈ। ਪਿੰਡ ਵਾਸੀਆਂ ਵੱਲੋਂ ਪਿਛਲੇ ਵਰ੍ਹੇ ਆਪਣੇ ਖਰਚੇ ਉੱਤੇ ਇਸ ਰਸਤੇ ਉੱਤੇ ਮਿੱਟੀ ਪੁਆਈ ਗਈ ਸੀ ਪਰ ਹਾਲੇ ਤੱਕ ਇਸ ਨੂੰ ਪੱਥਰ ਨਹੀਂ ਜੁੜ੍ਹੇ। ਪਿੰਡ ਕਲੌਲੀ ਅਤੇ ਮੋਟੇਮਾਜਰਾ ਦੇ ਵਸਨੀਕਾਂ ਨੇ ਦੋਵਾਂ ਹਲਕਿਆਂ ਦੇ ਵਿਧਾਇਕਾਂ ਤੋਂ ਮੰਗ ਕੀਤੀ ਕਿ ਚਿੱਟਾ ਹਾਥੀ ਬਣੇ ਹੋਏ ਇਸ ਪੁਲ ਨੂੰ ਵਰਤੋਂ ਵਿੱਚ ਲਿਆਉਣ ਲਈ ਦੋਵੇਂ ਪਾਸੇ ਦੇ ਸੜਕੀ ਟੋਟੇ ਪੱਕੇ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਭਾਰੀ ਫ਼ਾਇਦਾ ਹੋਵੇਗਾ।