ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 29 ਜਨਵਰੀ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਜੜ੍ਹਾਂ ਵਿੱਚ ਵਸੇ ਪਿੰਡ ਮੁੱਲਾਂਪੁਰ ਗਰੀਬਦਾਸ ਦੀ ਨਿਊ ਚੰਡੀਗੜ੍ਹ ਦੇ ਨਾਮ ਨਾਲ ਕਾਫ਼ੀ ਪ੍ਰਸਿੱਧੀ ਹੋਈ ਪਰ ਸੈਂਕੜੇ ਸਾਲ ਪਹਿਲਾਂ ਗਰੀਬਦਾਸ ਵੱਲੋਂ ਵਸਾਏ ਪਿੰਡ ਦੇ ਲੋਕ ਅੱਜ ਵੀ ਮੁੱਢਲੀਆਂ ਸੁੱਖ ਸਹੂਲਤਾਂ ਤੋਂ ਵਾਂਝੇ ਹਨ। ਇੱਥੇ ਸੀਵਰੇਜ ਸਿਸਟਮ, ਟੋਭਿਆਂ ਦੀ ਸਾਫ ਸਫਾਈ, ਗੰਦੇ ਪਾਣੀ ਦੀ ਨਿਕਾਸੀ ਜਾਂ ਕੂੜਾ ਕਰਕਟ ਸਬੰਧੀ ਕੋਈ ਉਚਿਤ ਪ੍ਰਬੰਧ ਨਹੀਂ ਹਨ। ਵਹੀਕਲ ਪਾਰਕਿੰਗ ਦੀ ਸਮੱਸਿਆ ਦੇ ਨਾਲ ਇੱਥੇ ਕੋਈ ਬੱਸ ਸ਼ੈਲਟਰ ਵੀ ਨਹੀਂ ਹੈ। ਬਾਜ਼ਾਰ ਵਿੱਚ ਕੋਈ ਪਿਸ਼ਾਬਘਰ ਦੀ ਸਹੂਲਤ ਨਹੀਂ ਹੈ ਅਤੇ ਨਾ ਹੀ ਕੋਈ ਕਮਿਊਨਿਟੀ ਸੈਂਟਰ ਹੈ। ਕੋਈ ਤਕਨੀਕੀ ਕਾਲਜ ਜਾਂ ਵੱਡਾ ਸਿੱਖਿਆ ਅਦਾਰਾ ਨਹੀਂ। ਕਰੀਬ ਪੰਜ ਹਜ਼ਾਰ ਵੋਟਰਾਂ ਵਾਲੇ ਇਸ ਪਿੰਡ ਵਿੱਚ ਕਰੀਬ 90 ਫ਼ੀਸਦੀ ਲੋਕ ਪੜ੍ਹੇ ਲਿਖੇ ਹਨ, ਜਿਨ੍ਹਾਂ ਵਿੱਚੋਂ ਕਈ ਫੌਜ,ਪੁਲੀਸ ਅਤੇ ਸਿਵਲੀਅਨ ਨੌਕਰ ਹਨ। ਟਿਊਬਵੈੱਲਾਂ ਦੀ ਘਾਟ ਦੇ ਨਾਲ ਅੱਗ ਬੁਝਾਊ ਯੰਤਰ ਨਾ ਹੋਣ ਕਾਰਨ ਇਧਰ ਉਧਰ ਔਹੜ ਪੌਹੜ ਕਰਨੀ ਪੈਂਦੀ ਹੈ। ਇਸ ਮੌਕੇ ਕੇਕੇ ਮਲਹੋਤਰਾ, ਬਹਾਦਰ ਸਿੰਘ, ਅਰਵਿੰਦਪੁਰੀ, ਰਵੀ ਸ਼ਰਮਾ, ਸਤਵੀਰ ਸੱਤੀ, ਸੰਜੇ ਹਵੇਲੀ,ਨਾਇਬ ਸਿੰਘ ਧਾਲੀਵਾਲ, ਸੁਰਿੰਦਰ ਸਿੰਘ, ਕੁਲਵਿੰਦਰ ਬਿੱਟੂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀ ਤਰਜ ਉਤੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਸੈਣੀ ਮੁਹੱਲੇ ਵਿੱਚ ਕੱਚੀ ਫਿਰਨੀ ਦਾ ਵਿਕਾਸੀ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਡਿਸਪੈਂਸਰੀ ਵਿੱਚ ਐਮਰਜੈਂਸੀ ਐਂਬੂਲੈਂਸ ਦੀ ਸੁਵਿਧਾ ਉਪਲਬੱਧ ਕਰਵਾ ਦਿੱਤੀ ਹੈ। ਸੀਵਰੇਜ ਸਿਸਟਮ ਸਬੰਧੀ ਮੁੱਖ ਮੰਤਰੀ ਨੂੰ ਜਲਦੀ ਚਿੱਠੀ ਲਿਖੀ ਜਾਵੇਗੀ।
ਬੰਦ ਪਏ ਗਟਰਾਂ ਤੇ ਪਾਈਪਾਂ ਦੀ ਸਫ਼ਾਈ
ਲਾਲੜੂ (ਸਰਬਜੀਤ ਸਿੰਘ ਭੱਟੀ): ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਕੌਂਸਲ ਵਲੋਂ ਮਸ਼ੀਨ ਰਾਹੀਂ ਦੁਰਗਾ ਮੰਦਰ ਰੋਡ ’ਤੇ ਸੀਵਰੇਜ ਦੇ ਬੰਦ ਪਏ ਗਟਰਾਂ ਦੀ ਸਫਾਈ ਕੀਤੀ ਗਈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਜੰਗ ਬਹਾਦਰ ਨੇ ਦੱਸਿਆ ਕਿ ਮੁੱਖ ਬਾਜ਼ਾਰ ਅਤੇ ਹੋਰ ਸੜਕਾਂ ’ਤੇ ਸੀਵਰੇਜ ਦਾ ਪਾਣੀ ਬਾਹਰ ਆ ਰਿਹਾ ਸੀ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।