ਮੁਕੇਸ਼ ਕੁਮਾਰ
ਚੰਡੀਗੜ੍ਹ, 27 ਨਵੰਬਰ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਅੱਜ ਮੇਅਰ ਨੂੰ ਆਪਣੀ ਹੀ ਪਾਰਟੀ ਦੇ ਕੌਂਸਲਰ ਭਾਰਤ ਕੁਮਾਰ ਨੇ ਖਰੀਆਂ-ਖਰੀਆਂ ਸੁਣਾਈਆਂ। ਇਸੇ ਦੌਰਾਨ ਵਿਰੋਧੀ ਧਿਰ ਦੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਮੇਅਰ ਨੂੰ ‘ਦਲ ਬਦਲੂ’ ਕਹਿ ਕੇ ਮੀਟਿੰਗ ਦੇ ਮਾਹੌਲ ਨੂੰ ਹੋਰ ਗਰਮਾ ਦਿੱਤਾ। ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਭਾਜਪਾ ਕੌਂਸਲਰ ਭਾਰਤ ਕੁਮਾਰ ਨੇ ਆਪਣੇ ਵਾਰਡ ਲਈ ਸਾਲ 2017 ਵਿੱਚ ਪਾਸ ਕੀਤੇ ਏਜੰਡਿਆਂ ਦੇ ਕੰਮ ਅੱਜ ਤੱਕ ਸ਼ੁਰੂ ਨਾ ਕੀਤੇ ਜਾਣ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਨਗਰ ਨਿਗਮ ਦੇ ਜੇਈ ਤੋਂ ਲੈਕੇ ਹੋਰ ਸੀਨੀਅਰ ਅਫਸਰਾਂ ਨੂੰ ਮਿਲ ਚੁੱਕੇ ਹਨ ਅਤੇ ਇਥੋਂ ਤੱਕ ਕਿ ਉਹ ਮੇਅਰ ਨੂੰ ਵੀ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਕਹਿ ਚੁੱਕੇ ਹਨ ਪਰ ਠੋਸ ਕਾਰਵਾਈ ਨਹੀਂ ਹੋਈ।
ਮੀਟਿੰਗ ਦੌਰਾਨ ਮੇਅਰ ਰਾਜ ਬਾਲਾ ਵੱਲੋਂ ਦਿੱਤੇ ਬਿਆਨ ਤੋਂ ਨਾਖੁਸ਼ ਹੋਏ ਕੌਂਸਲਰ ਭਾਰਤ ਕੁਮਾਰ ਨੇ ਆਪਣੀ ਪਾਰਟੀ ਦੀ ਮੇਅਰ ’ਤੇ ਦੋਸ਼ ਲਗਾਇਆ ਕਿ ਉਹ ਨਿਗਮ ਅਫਸਰਾਂ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਲੈਕੇ ਨਿਗਮ ਦੇ ਅਧਿਕਾਰੀ ਵੀ ਗੈਰਜ਼ਿੰਮੇਵਾਰੀ ਵਾਲਾ ਜਵਾਬ ਦੇ ਚੁੱਕੇ ਹਨ। ਖਫ਼ਾ ਹੋਏ ਭਾਰਤ ਕੁਮਾਰ ਨੇ ਕਿਹਾ ਕਿ ਜੇਕਰ ਏਜੰਡੇ ਤਹਿਤ ਵਿਕਾਸ ਕਾਰਜ ਸ਼ੁਰੂ ਨਹੀਂ ਹੋਏ ਤਾਂ ਉਹ ਨਿਗਮ ਹਾਊਸ ਮੀਟਿੰਗ ਦਾ ਬਾਈਕਾਟ ਕਰਨਗੇ। ਇਹ ਕਹਿ ਕੇ ਉਨ੍ਹਾਂ ਨੇ ਮੀਟਿੰਗ ਹਾਲ ਤੋਂ ਜਾਣ ਦੀ ਤਿਆਰੀ ਕੀਤੀ ਤਾਂ ਭਾਜਪਾ ਦੇ ਸਾਥੀ ਕੌਂਸਲਰਾਂ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਮਨਾ ਕੇ ਮੀਟਿੰਗ ਵਿੱਚ ਬਿਠਾ ਲਿਆ। ਇਸੇ ਦੌਰਾਨ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਮੇਅਰ ਰਾਜ ਬਾਲਾ ਮਲਿਕ ਨੂੰ ‘ਦਲ ਬਦਲੂ’ ਕਹਿ ਦਿੱਤਾ। ਇਸ ਗੱਲ ਤੋਂ ਭਾਜਪਾ ਕੌਂਸਲਰ ਰੋਹ ਵਿੱਚ ਆ ਗਏ। ਨਾਮਜ਼ਦ ਕੌਂਸਲਰ ਸਚਿਨ ਕੁਮਾਰ ਲੋਹਟੀਆ ਨੇ ਮੰਗ ਕੀਤੀ ਕਿ ਸ੍ਰੀ ਬਬਲਾ ਮੇਅਰ ਤੋਂ ਮੁਆਫੀ ਮੰਗਣ। ਇਸ ਗੱਲ ਨੂੰ ਲੈਕੇ ਲੰਮੇਂ ਸਮੇਂ ਤੱਕ ਤਕਰਾਰ ਚਲਦੀ ਰਹੀ।
ਮੀਟਿੰਗ ਦੌਰਾਨ ਵਿਚਾਰੇ ਗਏ ਪ੍ਰਸਤਾਵਾਂ ਦੇ ਵੇਰਵੇ
ਮੀਟਿੰਗ ਦੌਰਾਨ ਪਿੰਡਾਂ ਦੇ ਲਾਲ ਦੌਰੇ ਤੋਂ ਬਾਹਰ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦੇਣ ਲਈ ਪੇਸ਼ ਕੀਤੇ ਗਏ ਏਜੰਡੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਪਾਣੀ ਦੇ ਕੁਨੈਕਸ਼ਨ ਲੈਣ ਲਈ ਤੈਅ ਕੀਤੀਆਂ ਗਈਆਂ ਸ਼ਰਤਾਂ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਹ ਸ਼ਰਤਾਂ ਬਹੁਤ ਹੀ ਸਖਤ ਹਨ ਅਤੇ ਇਨ੍ਹਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ। ਸ਼੍ਰੀ ਬੁਟੇਰਲਾ ਦੇ ਇਤਰਾਜ਼ ’ਤੇ ਇਸ ਏਜੰਡੇ ਨੂੰ ਰੋਕ ਲਿਆ ਗਿਆ। ਸ਼ਹਿਰ ਵਿੱਚ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਪੁਰਾਣੇ ਵਾਹਨਾਂ ’ਤੇ ਵੀ ਨਿਗਮ ਵਲੋਂ ‘ਕਾਓ ਸੈਸ’ ਵਸੂਲਿਆ ਜਾਵੇਗਾ। ਇਸ ਬਾਰੇ ਨਿਗਮ ਹਾਊਸ ਮੀਟਿੰਗ ਵਿੱਚ ਪੇਸ਼ ਕੀਤੇ ਏਜੰਡੇ ਨੂੰ ਹਰੀ ਝੰਡੀ ਦਿੱਤੀ ਗਈ। ਇਸ ਤੋਂ ਇਲਾਵਾ ਨਿਗਮ ਦੇ ਪਸ਼ੂਆਂ ਦੇ ਵਾੜੇ ਵਿੱਚ ਰੱਖੀਆਂ ਗਊਆਂ ਦੇ ਚਾਰੇ ਦੀ ਵਿਵਸਥਾ ਲਈ ਪੇਸ਼ ਕੀਤੇ ਗਏ ਬਜਟ ਨੂੰ ਵੀ ਹਰੀ ਝੰਡੀ ਦਿੱਤੀ ਗਈ। ਭਾਜਪਾ ਕੌਂਸਲਰਾਂ ਵਲੋਂ ਸ਼ਹਿਰ ਦੀਆਂ ਮੁੜ ਵਸੇਬੇ ਅਧੀਨ ਬਣੀਆਂ ਕਲੋਨੀਆਂ ਵਿੱਚ ਬਣੇ ਫਲੈਟਾਂ ਤੇ ਮਕਾਨਾਂ ਵਿੱਚ ਅਲਾਟੀਆਂ ਵਲੋਂ ਕੀਤੀਆਂ ਵਾਧੂ ਤੇ ਗੈਰਕਾਨੂੰਨੀ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਸਬੰਧੀ ਏਜੰਡੇ ਨੂੰ ਲੈਕੇ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਹੀ ਇਸ ਏਜੰਡੇ ਨੂੰ ਮੁੜ ਤੋਂ ਵਿਚਾਰਨ ਲਈ ਨਿਗਮ ਹਾਊਸ ਦੀ ਅਗਲੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਵਿੱਚ ਬਣੇ ਜਿੰਮਾਂ ਨੂੰ ਪੀਪੀਪੀ ਪ੍ਰਣਾਲੀ ਦੇ ਬਜਾਏ ਰੱਖ-ਰਖਾਅ ਦੇ ਅਧਾਰ ’ਤੇ ਚਲਾਉਣ ਲਈ ਏਜੰਸੀਆਂ ਨੂੰ ਦੇਣ ਸਬੰਧੀ ਵਿਚਾਰ ਕੀਤਾ ਗਿਆ। ਇਸ ਬਾਰੇ ਰੁਚੀ ਲੈਣ ਵਾਲੀਆਂ ਏਜੰਸੀਆਂ ਤੋਂ ਉਨ੍ਹਾਂ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਲੈਕੇ ਪਾਲਿਸੀ ਬਣਾਉਣ ਦਾ ਜ਼ਿਕਰ ਕੀਤਾ ਗਿਆ।
ਕਾਂਗਰਸੀ ਕੌਂਸਲਰਾਂ ਵੱਲੋਂ ਹੰਗਾਮਾ
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਹੰਗਾਮਾ ਕਰਦਿਆਂ ਮੰਗ ਕੀਤੀ ਕਿ ਨਗਰ ਨਿਗਮ ਸਮਾਰਟ ਘੜੀਆਂ ਸਬੰਧੀ ਯੋਜਨਾ ਨੂੰ ਰੱਦ ਕਰੇ, ਸ਼ਹਿਰ ਵਿੱਚ ਪਾਣੀ ਦੀਆਂ ਵਧਾਈਆਂ ਤਿੰਨ ਗੁਣਾਂ ਕੀਮਤਾਂ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ, ਆਊਟਸੋਰਸ ’ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਸੈਕਟਰ 22-ਡੀ ਦੀ ਗੈਰਕਾਨੂੰਨੀ ਪਾਰਕਿੰਗ ਦੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ।