ਦਰਸ਼ਨ ਸਿੰਘ ਸੋਢੀ
ਮੁਹਾਲੀ, 27 ਸਤੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਵਜ਼ਾਰਤ ’ਚੋਂ ਆਊਟ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਮੀਡੀਆ ਦੇ ਰੂਬਰੂ ਹੋਣ ਸਮੇਂ ਹਾਈ ਕਮਾਂਡ ਨਾਲ ਗਿਲਾ ਕਰਨ ਅਤੇ ਅੱਖਾਂ ਭਰ ਆਉਣ ’ਤੇ ਸਿਆਸੀ ਟਿੱਪਣੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸਿੱਧੂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਮਾਂ ਬੜਾ ਬਲਵਾਨ ਹੈ ਅਤੇ ਕਰੀਬ ਡੇਢ ਦਹਾਕੇ ਬਾਅਦ ਕਾਂਗਰਸ ਨੇ ਇਤਿਹਾਸ ਮੁੜ ਦੁਹਰਾਇਆ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ 2007 ਵਿੱਚ ਜਦੋਂ ਉਸ ਦੀ ਟਿਕਟ ਕੱਟ ਕੇ ਬਲਬੀਰ ਸਿੱਧੂ ਨੂੰ ਦਿੱਤੀ ਗਈ ਸੀ ਤਾਂ ਸਿੱਧੂ ਸਮਰਥਕਾਂ ਨੇ ਖ਼ੁਸ਼ੀ ਮਨਾਉਂਦੇ ਹੋਏ ਢੋਲ ਦੀ ਤਾਲ ’ਤੇ ਭੰਗੜੇ ਪਾਏ ਅਤੇ ਲੱਡੂ ਵੰਡੇ ਸੀ। ਅੱਜ ਜਦੋਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕੀਤਾ ਗਿਆ ਤਾਂ ਹੁਣ ਸਿੱਧੂ ਨੂੰ ਗਿਲਾ ਨਹੀਂ ਕਰਨਾ ਚਾਹੀਦਾ ਹੈ, ਸਗੋਂ ਹਾਈ ਕਮਾਂਡ ਦੇ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਦੋਂ ਉਨ੍ਹਾਂ ਨੇ ਵੀ ਹਾਈ ਕਮਾਂਡ ਨੂੰ ਇਹੀ ਸਵਾਲ ਕੀਤਾ ਸੀ ਕਿ ‘ਉਨ੍ਹਾਂ ਨੂੰ ਉਸ ਦਾ ਕਸੂਰ’ ਤਾਂ ਦੱਸਿਆ ਜਾਵੇ ਕਿ ਕਿਸ ਵਜ੍ਹਾ ਕਾਰਨ ਉਸ ਦੀ ਟਿਕਟ ਕੱਟੀ ਗਈ ਹੈ, ਪਰ 14 ਸਾਲ ਬੀਤ ਗਏ ਹੁਣ ਤੱਕ ਹਾਈ ਕਮਾਂਡ ਦਾ ਜਵਾਬ ਨਹੀਂ ਆਇਆ। ਚੇੇਤੇ ਰਹੇ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਬੀਤੇ ਕੱਲ੍ਹ ਦਾਅਵਾ ਕੀਤਾ ਸੀ ਕਿ ਜੇ ਕੋਵਿਡ ਵੈਕਸੀਨ, ਮਹਾਮਾਰੀ ਦੀ ਸਿਖਰ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਵੱਡੀ ਪੱਧਰ ’ਤੇ ਵੇਚ ਕੇ ਸਰਕਾਰੀ ਵੈਕਸੀਨ ਦਾ ਨਾਜਾਇਜ਼ ਵਪਾਰ ਹੋਇਆ ਹੈ ਅਤੇ ‘ਫਤਿਹ-ਕਿੱਟਾਂ’ ਵਿੱਚ ਧਾਂਦਲੀ ਹੋਈ ਹੈ, ਇਸ ਲਈ ਉਹ ਨਹੀਂ ਬਲਕਿ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਡਾ. ਕੇਕੇ ਤਲਵਾਰ ਜ਼ਿੰਮੇਵਾਰ ਹਨ।