ਆਤਿਸ਼ ਗੁਪਤਾ
ਚੰਡੀਗੜ੍ਹ, 30 ਸਤੰਬਰ
ਸਿਟੀ ਬਿਊਟੀਫੁੱਲ ਅਤੇ ਨਾਲ ਲੱਗਦੇ ਇਲਾਕਿਆਂ ਮੁਹਾਲੀ ਅਤੇ ਪੰਚਕੂਲਾ ਸਮੇਤ ਹੋਰ ਪਿੰਡਾਂ ’ਚ ਸਾਰਾ ਦਿਨ ਹੁੰਦੀ ਕਿਣ-ਮਿਣ ਨੇ ਮੌਸਮ ਖੁਸ਼ਗਵਾਰ ਕਰੀ ਰੱਖਿਆ। ਇਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਵੱਲੋਂ 1 ਅਤੇ 2 ਅਕਤੂਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਜਦਕਿ ਅਗਲੇ ਹਫ਼ਤੇ ਵੀ ਬੱਦਲਵਾਈ ਰਹਿਣ ਦੀ ਆਸ ਜਤਾਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਸੀ ਜੋ ਕਿ ਆਮ ਦੇ ਬਰਾਬਰ ਰਿਹਾ। ਜਦਕਿ ਘੱਟ ਤੋਂ ਘੱਟ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਕਾਰਨ ਸੁਖਨਾ ਝੀਲ, ਰੌਕ ਗਾਰਡਨ ਸਣੇ ਹੋਰਨਾਂ ਘੁੰੰਮਣ ਵਾਲੀਆਂ ਥਾਵਾਂ ’ਤੇ ਦੀ ਭੀੜ ਲੱਗੀ ਰਹੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝਣਾ ਪਿਆ। ਕਈ ਸੜਕਾਂ ’ਤੇ ਪਾਣੀ ਭਰਨ ਕਾਰਨ ਜਾਮ ਵੀ ਲੱਗੇ।
ਸੁਖਨਾ ਝੀਲ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ, ਫਲੱਡ ਗੇਟ ਖੋਲ੍ਹਿਆ
ਚੰਡੀਗੜ੍ਹ ਅਤੇ ਆਲੇ-ਦੁਆਲੇ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪ 1163.20 ਫੁੱਟ ’ਤੇ ਪਹੁੰਚ ਗਿਆ। ਪਾਣੀ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚਣ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਲੋਕਾਂ ਦੇ ਬਚਾਅ ’ਚ ਸ਼ਾਮ ਨੂੰ 6.30 ਵਜੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਸੁਖਨਾ ਝੀਲ ਵਿੱਚ ਪਾਣੀ ਵੱਧਣ ਕਾਰਨ ਪੰਜਵੀਂ ਵਾਰ ਫਲੱਡ ਗੇਟ ਖੋਲ੍ਹਿਆ ਗਿਆ। ਇਸ ਤੋਂ ਪਹਿਲਾਂ ਪਾਣੀ ਵਧਣ ਕਰਕੇ 23 ਅਤੇ 21 ਸਤੰਬਰ ਨੂੰ ਉਸ ਤੋਂ ਪਹਿਲਾਂ 9 ਅਤੇ 14 ਅਗਸਤ ਨੂੰ ਸੁਖਨਾ ਝੀਲ ਦਾ ਇੱਕ ਫਲੱਡ ਗੇਟ ਖੋਲ੍ਹਿਆ ਗਿਆ। ਯੂਟੀ ਦੇ ਅਧਿਕਾਰੀਆਂ ਤੋਂ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਆਲੇ ਦੁਆਲੇ ਦੇ ਕਈ ਪਿੰਡਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚੋਂ ਮੀਂਹ ਦਾ ਪਾਣੀ ਆਉਂਦਾ ਹੈ। ਝੀਲ ਵਿੱਚ ਪਾਣੀ ਦੀ ਵੱਧ ਆਮਦ ’ਤੇ ਦੇਰ ਰਾਤ ਤੱਕ ਫਲੱਡ ਖੁੱਲ੍ਹਾ ਰੱਖਿਆ ਜਾਵੇਗਾ।