ਹਰਜੀਤ ਸਿੰਘ
ਡੇਰਾਬੱਸੀ, 27 ਅਪਰੈਲ
ਸ਼ਹਿਰ ਵਿੱਚ ਤਪਦੀ ਗਰਮੀ ਵਿੱਚ ਰੋਜ਼ਾਨਾ ਘੰਟਿਆਂਬੱਧੀ ਬਿਜਲੀ ਕੱਟ ਲਾਏ ਜਾ ਰਹੇ ਹਨ। ਸਿੱਟੇ ਵਜੋਂ ਸ਼ਹਿਰ ਵਾਸੀਆਂ ਨੂੰ ਬਿਨਾਂ ਪਾਣੀ ਤੋਂ ਸਮਾਂ ਲੰਘਾਉਣਾ ਪੈ ਰਿਹਾ ਹੈ। ਇਥੋਂ ਦੇ ਮੁਬਾਰਿਕੁਪਰ ਖੇਤਰ ਵਿੱਚ ਲੰਘੇ ਇਕ ਹਫ਼ਤੇ ਤੋਂ ਪਾਣੀ ਦੀ ਕਿੱਲਤ ਬਣੀ ਹੋਈ ਹੈ।
ਪਾਵਰ ਕੱਟਾਂ ਦਾ ਸਿੱਧਾ ਅਸਰ ਪਾਣੀ ਦੀ ਸਪਲਾਈ ’ਤੇ ਪੈ ਰਿਹਾ ਹੈ। ਅੱਜ ਸਵੇਰ 9 ਵਜੇ ਬਿਜਲੀ ਸਪਲਾਈ ਠੱਪ ਹੋ ਗਈ ਜੋ ਤਿੰਨ ਘੰਟੇ ਬਾਅਦ ਚਾਲੂ ਹੋਈ। ਇਸ ਮਗਰੋਂ ਦੋ ਵਜੇ ਮੁੜ ਤੋਂ ਬਿਜਲੀ ਸਪਲਾਈ ਠੱਪ ਹੋ ਗਈ ਜੋ ਪੰਜ ਘੰਟੇ ਬਾਅਦ ਦੇਰ ਸ਼ਾਮ ਸੱਤ ਵਜੇ ਤੱਕ ਚਾਲੂ ਨਹੀਂ ਹੋਈ ਸੀ। ਦਿਨ ਵਿੱਚ ਅੱਠ ਘੰਟੇ ਬਿਜਲੀ ਠੱਪ ਰਹਿਣ ਕਾਰਨ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਰਹੇ ਹਨ।
ਸਭ ਤੋਂ ਵਧ ਜਲ ਸਪਲਾਈ ਦੀ ਪ੍ਰੇਸ਼ਾਨੀ ਮੁਬਾਰਿਕਪੁਰ ਅਤੇ ਮੀਰਪੁਰ ਖੇਤਰ ਵਿੱਚ ਬਣੀ ਹੋਈ ਹੈ। ਇਥੇ ਟਿਊਬਵੈਲਾਂ ਦੀ ਘਾਟ ਹੈ।
ਨਵੇਂ ਟਿਊਬਵੈੱਲ ਲਾਉਣ ਨਾਲ ਸਮੱਸਿਆ ਹੋਵੇਗੀ ਹੱਲ: ਕਾਰਜਸਾਧਕ ਅਫਸਰ
ਮੁਬਾਰਿਕਪੁਰ ਖੇਤਰ ਵਿੱਚ ਪਾਣੀ ਦੀ ਸਮੱਸਿਆ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਵਨੀਤ ਸਿੰਘ ਢੋਟ ਨੇ ਕਿਹਾ ਕਿ ਉਥੇ ਨਵੇਂ ਟਿਊਬਵੈਲ ਲਾਉਣ ਦੀ ਲੋੜ ਹੈ ਜਿਸ ਮਗਰੋਂ ਸਮੱਸਿਆ ਪੱਕੇ ਤੌਰ ’ਤੇ ਹੱਲ ਹੋ ਜਾਏਗੀ। ਇਸੇ ਦੌਰਾਨ ਪਾਵਰਕੌਮ ਦੇ ਐੱਸਡੀਓ ਅਮਨਪ੍ਰੀਤ ਸਿੰਘ ਮਾਵੀ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਪਿੱਛੋਂ ਘੱਟ ਆਉਣ ਕਾਰਨ ਦਿੱਕਤ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਵਰਕੌਮ ਦੇ ਉੱਚ ਅਧਿਕਾਰੀ ਸਮੱਸਿਆ ਦਾ ਹੱਲ ਕਰਨ ਵਿੱਚ ਜੁੱਟੇ ਹੋਏ ਹਨ।