ਕੁਲਦੀਪ ਸਿੰਘ
ਚੰਡੀਗੜ੍ਹ, 23 ਅਪਰੈਲ
ਨੋਵਲ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਹਫ਼ਤਾਵਾਰੀ ਤਾਲ਼ਾਬੰਦੀ ਹੁਣ ਨਹੀਂ ਹੋਵੇਗੀ ਜਦਕਿ ਕਰਫਿਊ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਕਰੋਨਾ ਸਬੰਧੀ ਵਾਰ ਰੂਮ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਫ਼ਿਊ ਦੇ ਨਾਲ-ਨਾਲ ਸੁਖਨਾ ਝੀਲ ਹਰ ਹਫ਼ਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਬੰਦ ਰਹੇਗੀ। ਵੱਡੀ ਗਿਣਤੀ ਵਿੱਚ ਕਰੋਨਾ ਮਰੀਜ਼ ਨਿਕਲਣ ਕਾਰਨ ਅਸਟੇਟ ਆਫ਼ਿਸ, ਸਬ-ਰਜਿਸਟਰਾਰ ਦਫ਼ਤਰ ਅਤੇ ਰਿਜਨਲ ਲਾਈਸੈਂਸਿੰਗ ਅਥਾਰਿਟੀ (ਆਰ.ਐਲ.ਏ.) ਦਫ਼ਤਰ 30 ਅਪਰੈਲ ਤੱਕ ਬੰਦ ਰਹਿਣਗੇ। ਹਫ਼ਤਾਵਾਰੀ ਤਾਲ਼ਾਬੰਦੀ ਨਾ ਲੱਗਣ ਦੀ ਪੁਸ਼ਟੀ ਸਲਾਹਕਾਰ ਮਨੋਜ ਪਰੀਦਾ ਵੱਲੋਂ ਕੀਤੀ ਗਈ।
ਮੀਟਿੰਗ ਵਿੱਚ ਸਾਰੇ ਸਿੱਖਿਆ ਸੰਸਥਾਨਾਂ ਵਿਚਲੇ ਹੋਸਟਲਾਂ ਵਿੱਚ ਕਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਹੋਸਟਲਾਂ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ ਜਿਨ੍ਹਾਂ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਹੋਵੇ। ਇਨ੍ਹਾਂ ਸੰਸਥਾਨਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਥੇ ਰਹਿਣ ਵਾਲਿਆਂ ਦੇ ਕਰੋਨਾ ਟੈਸਟ ਜ਼ਰੂਰ ਕਰਵਾਏ ਜਾਣ। ਸ਼ਹਿਰ ਵਿੱਚ ਸਥਿਤ ਸਾਰੇ ਮਿਊਜ਼ੀਅਮ, ਲਾਇਬਰੇਰੀਆਂ, ਸਪਾ ਸੈਂਟਰ ਆਦਿ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਸ਼ਹਿਰ ਵਿਚਲੀਆਂ ਉਦਯੋਗਿਕ ਇਕਾਈਆਂ ਆਪੋ ਆਪਣੇ ਕੈਂਪਸ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਿਰਫ਼ ਰਾਤ ਦੀ ਸ਼ਿਫ਼ਟ ਵਿੱਚ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਸਬੰਧਿਤ ਉਦਯੋਗਿਕ ਇਕਾਈ ਦੀ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ। ਕੋਵਿਡ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪੁਲੀਸ ਨੂੰ ਚੁਸਤ ਦਰੁਸਤ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਸ਼ਹਿਰ ਦੀਆਂ ਮਾਰਕੀਟਾਂ, ਸ਼ਾਪਿੰਗ ਮਾਲਜ਼, ਰੇਲਵੇ ਸਟੇਸ਼ਨਾਂ, ਆਈ.ਐਸ.ਬੀ.ਟੀ. ਆਦਿ ਸਮੇਤ ਹੋਰ ਸਭ ਭੀੜ-ਭੜੱਕੇ ਵਾਲੀਆਂ ਥਾਵਾਂ ਉਤੇ ਪੁਲੀਸ ਨੂੰ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਸ਼ਹਿਰ ਦੀਆਂ ਸਾਰੇ ਮੈਡੀਕਲ ਸੰਸਥਾਨਾਂ ਤੋਂ ਆਕਸੀਜਨ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਉੱਚਿਤ ਆਕਸੀਜਨ ਹੋਣ ਬਾਰੇ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਸਿਹਤ ਵਿਭਾਗ ਨੂੰ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਰੱਖਣ ਅਤੇ ਦਵਾਈਆਂ ਦੀ ਬਲੈਕ-ਮਾਰਕੀਟਿੰਗ ਉਤੇ ਤਿੱਖੀ ਨਜ਼ਰ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਸ੍ਰੀ ਬਦਨੌਰ ਨੇ ਚੰਡੀਗੜ੍ਹ ਦੇ ਸਮੂਹ ਮਿਉਂਸਿਪਲ ਕੌਂਸਲਰਾਂ, ਮਾਰਕੀਟ ਐਸੋਸੀਏਸ਼ਨਾਂ ਤੇ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣ ਅਤੇ ਕੋਵਿਡ ਵੈਕਸੀਨ ਲਗਵਾਉਣ ਲਈ ਜ਼ਰੂਰ ਪ੍ਰੇਰਿਤ ਕਰਨ। ਪ੍ਰਿੰਸੀਪਲ ਸਕੱਤਰ ਸਿਹਤ ਸੇਵਾਵਾਂ ਦਫ਼ਤਰ ਵਿੱਚ ਘੱਟੋ ਘੱਟ 100 ਲਾਭਪਾਤਰੀਆਂ ਦੀ ਲਿਸਟ ਜਮ੍ਹਾਂ ਕਰਵਾ ਕੇ ਆਪਣੇ ਏਰੀਆ ਵਿੱਚ ਕੋਵਿਡ ਵੈਕਸੀਨ ਕੈਂਪ ਲਗਵਾਏ ਜਾ ਸਕਦੇ ਹਨ।
ਆਨਲਾਈਨ ਢੰਗ ਰਾਹੀਂ ਮੀਟਿੰਗ ਵਿੱਚ ਮੌਜੂਦ ਪੀ.ਜੀ.ਆਈ. ਦੇ ਡਾਇਰੈਕਟਰ ਡਾ. ਜਗਤ ਰਾਮ, ਜੀ.ਐਮ.ਸੀ.ਐਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਆਦਿ ਸਮੇਤ ਟ੍ਰਾਈਸਿਟੀ ਦੇ ਹੋਰ ਕਈ ਉੱਚ ਅਧਿਕਾਰੀਆਂ ਨੇ ਵੀ ਆਪੋ ਆਪਣੇ ਖੇਤਰਾਂ ਵਿੱਚ ਕਰੋਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ।