ਕੁਲਦੀਪ ਸਿੰਘ
ਚੰਡੀਗੜ੍ਹ, 30 ਅਪਰੈਲ
ਕਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਵਧ ਰਹੇ ਕਹਿਰ ਦੇ ਮੱਦੇਨਜ਼ਰ ਯੂ.ਟੀ. ਪ੍ਰਸ਼ਾਸਨ ਵੱਲੋਂ ਹੁਣ ਮੁਹਾਲੀ ਅਤੇ ਪੰਚਕੂਲਾ ਦੀ ਤਰਜ਼ ਉੱਤੇ ਚੰਡੀਗੜ੍ਹ ਵਿੱਚ ਵੀ ਹਫ਼ਤਾਵਰੀ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਕਰਫਿਊ ਲਗਾਇਆ ਜਾਵੇਗਾ। ਇਹ ਫ਼ੈਸਲਾ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਕਰੋਨਾ ਮਹਾਮਾਰੀ ਸਬੰਧੀ ਪੰਜਾਬ ਰਾਜ ਭਵਨ ਵਿੱਚ ਅੱਜ ਹੋਈ ਵਾਰ ਰੂਮ ਦੀ ਮੀਟਿੰਗ ਵਿੱਚ ਕੀਤਾ ਗਿਆ।
ਜਾਣਕਾਰੀ ਮੁਤਾਬਕ ਭਲਕੇ 1 ਮਈ ਤੋਂ ਸ਼ੁਰੂ ਹੋਣ ਵਾਲਾ ਹਫ਼ਤਾਵਰੀ ਕਰਫਿਊ ਸ਼ਨਿਚਰਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਸਮੇਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਆਪਣੇ ਘਰੋਂ ਬਾਹਰ ਨਿਕਲਣ, ਪੈਦਲ ਜਾਂ ਵਹੀਕਲ ਰਾਹੀਂ ਕਿਤੇ ਜਾਣ ਉੱਤੇ ਪਾਬੰਦੀ ਰਹੇਗੀ। ਸ਼ਹਿਰ ਦੇ ਅੰਦਰ-ਅੰਦਰ ਜ਼ਰੂਰੀ ਜਾਂ ਗੈਰ-ਜ਼ਰੂਰੀ ਸਾਮਾਨ ਇੱਧਰ ਉੱਧਰ ਲਿਜਾਣ ਉੱਤੇ ਕੋਈ ਪਾਬੰਦੀ ਨਹੀਂ ਹੈ। ਘਰੇਲੂ ਸਮਾਨ ਦੀ ਹੋਮ-ਡਲਿਵਰੀ ਲਈ ਰਾਸ਼ਨ, ਦੁੱਧ, ਸਬਜ਼ੀਆਂ ਆਦਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਖੁੱਲ੍ਹ ਸਕਣਗੀਆਂ।
ਇੰਜ ਹੀ ਹੋਟਲ/ਰੈਸਟੋਰੈਂਟ ਫੂਡ-ਕੋਰਟਸ ਆਦਿ ਦੀਆਂ ਰਸੋਈਆਂ ਖੁੱਲ੍ਹੀਆਂ ਰਹਿਣਗੀਆਂ ਅਤੇ ਉਨ੍ਹਾਂ ਦੇ ਸਟਾਫ਼ ਨੂੰ ਸਾਮਾਨ ਦੀ ਡਲਿਵਰੀ ਕਰਨ ਲਈ ਪਹਿਚਾਣ ਪੱਤਰ ਦਿਖਾ ਕੇ ਜਾਣ ਦੀ ਇਜਾਜ਼ਤ ਹੋਵੇਗੀ। ਏਅਰਪੋਰਟ, ਰੇਲਵੇ ਸਟੇਸ਼ਨ ਜਾਂ ਆਈ.ਐਸ.ਬੀ.ਟੀ. ਰਾਹੀਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਛੋਟ ਹੋਵੇਗੀ। ਐਸ.ਡੀ.ਐਮ. ਦੀ ਇਜਾਜ਼ਤ ਨਾਲ ਸ਼ਾਦੀ ਸਮਾਗਮਾਂ ਵਿੱਚ 50 ਵਿਅਕਤੀਆਂ ਤੱਕ ਅਤੇ ਅੰਤਿਮ ਸੰਸਕਾਰ ਉਤੇ 20 ਵਿਅਕਤੀਆਂ ਤੱਕ ਦੀ ਛੋਟ ਹੋਵੇਗੀ। ਗਰਭਵਤੀ ਔਰਤਾਂ ਜਾਂ ਮਰੀਜ਼ ਸਿਹਤ ਸੇਵਾਵਾਂ ਲਈ ਜਾ ਸਕਣਗੇ। ਸਾਰੇ ਵੈਕਸੀਨੇਸ਼ਨ ਕੇਂਦਰ, ਕੋਵਿਡ ਟੈਸਟਿੰਗ ਕੇਂਦਰ, ਡਿਸਪੈਂਸਰੀਆਂ, ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਟ੍ਰਾਈਸਿਟੀ ਵਿੱਚ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਨੂੰ ਪਹਿਚਾਣ ਪੱਤਰ ਅਤੇ ਡਿਊਟੀ ਦੇ ਹੁਕਮ ਦਿਖਾ ਕੇ ਜਾਣ ਦੀ ਇਜਾਜ਼ਤ ਹੋਵੇਗੀ। ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਚੰਡੀਗੜ੍ਹ ਵਿਚ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਨਹੀਂ ਲੱਗ ਸਕੇਗੀ ਕਿਉਂਕਿ ਯੂ.ਟੀ. ਪ੍ਰਸ਼ਾਸਨ ਕੋਲ ਫਿਲਹਾਲ ਵੈਕਸੀਨ ਉਪਲਬਧ ਹੀ ਨਹੀਂ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਕੋਲ ਫਿਲਹਾਲ ਇੱਕ ਲੱਖ ਵੈਕਸੀਨ ਹੈ ਜੋ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਲਈ ਹੈ। ਵਾਧੂ ਵੈਕਸੀਨ ਆਉਣ ਉਪਰੰਤ ਹੀ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋਵੇਗੀ।
ਮੀਟਿੰਗ ਵਿੱਚ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਜੀ.ਐਮ.ਸੀ.ਐਚ. ਵੱਲੋਂ ਆਪਣੇ ਕੈਂਪਸ ਵਿੱਚ ਐਲ-3 ਲੈਵਲ ਦੇ 20 ਹੋਰ ਬੈੱਡ ਸਥਾਪਿਤ ਕਰੇਗਾ ਜਦਕਿ ਸੈਕਟਰ 48 ਸਥਿਤ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ਉਤੇ ਵੀ ਏ-2 ਲੈਵਲ ਦੀ ਸੁਵਿਧਾ ਦੇਣ ਦੇ ਲਈ 30 ਹੋਰ ਬੈੱਡ ਸਥਾਪਿਤ ਕੀਤੇ ਜਾਣਗੇ।
ਸ੍ਰੀ ਬਦਨੌਰ ਨੇ ਜੀ.ਐਮ.ਸੀ.ਐਚ.32 ਨੂੰ ਇੱਕ ਪਲਾਜ਼ਮਾ ਬੈਂਕ ਵੀ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਜੋ ਕਿ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾ ਸਕੇ। ਜੀ.ਐਮ.ਸੀ.ਐਚ. ਵਿੱਚ ਐਮਬੀਬੀਐੱਸ ਦੇ ਆਖਰੀ ਸਾਲ ਵਾਲੇ ਵਿਦਿਆਰਥੀਆਂ ਨੂੰ ਅਤੇ ਨਰਸਿੰਗ ਸਟਾਫ਼ ਨੂੰ ਕਰੋਨਾ ਮਰੀਜ਼ਾਂ ਨਾਲ ਸਬੰਧਿਤ ਕੰਮ-ਕਾਜ ਵਿੱਚ ਸਹਾਇਤਾ ਕਰਨ ਲਈ ਲਗਾਇਆ ਜਾਵੇਗਾ। ਪੀ.ਜੀ.ਆਈ. ਦੇ ਮਾਹਿਰ ਡਾਕਟਰ ਨਿਯਮਿਤ ਤੌਰ ’ਤੇ ਯੂ.ਟੀ. ਪ੍ਰਸ਼ਾਸਨ ਦੇ ਸਾਰੇ ਹਸਪਤਾਲਾਂ ਦਾ ਦੌਰਾ ਕਰਨਗੇ।
ਸਰਕਾਰੀ ਹਸਪਤਾਲ-32 ਦੀ ਓਪੀਡੀ ਬੰਦ
ਯੂਟੀ ਪ੍ਰਸ਼ਾਸਨ ਵੱਲੋਂ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀ.ਐਮ.ਸੀ.ਐਚ.-32) ਦੀ ਫਿਜ਼ੀਕਲ ਓਪੀਡੀ ਅੱਜ ਤੋਂ ਬੰਦ ਕਰ ਦਿੱਤੀ ਗਈ ਹੈ ਜਦਕਿ ਸਿਰਫ਼ ਐਮਰਜੈਂਸੀ ਹੀ ਖੁੱਲ੍ਹੀ ਰਹੇਗੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਡਾਕਟਰ ਆਪਣਾ ਵਧੇਰੇ ਧਿਆਨ ਕਰੋਨਾ ਮਰੀਜ਼ਾਂ ਉਤੇ ਕੇਂਦਰਿਤ ਕਰ ਸਕਣ।
ਫੜੇ ਗਏ ਰੈਮਡੇਸਿਵਿਰ ਇੰਜੈਕਸ਼ਨ ਜਾਂਚ ਵਿੱਚ ਸਹੀ ਨਿਕਲੇ
ਬੀਤੇ ਦਿਨੀਂ ਯੂ.ਟੀ. ਪ੍ਰਸ਼ਾਸਨ ਵੱਲੋਂ ਫੜੇ ਗਏ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਮੁੰਬਈ ਲੈਬਾਰਟਰੀ ਤੋਂ ਜਾਂਚ ਕਰਵਾਈ ਗਈ ਤਾਂ ਇਹ ਸਹੀ ਪਾਏ ਗਏ ਹਨ। ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਇਹ ਇੰਜੈਕਸ਼ਨ ਹਸਪਤਾਲਾਂ ਵਿੱਚ ਚੱਲ ਰਹੇ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਹੈ।
ਪੰਚਕੂਲਾ ਸਣੇ ਨੌਂ ਜ਼ਿਲ੍ਹਿਆਂ ’ਚ ਹਫ਼ਤਾਵਾਰੀ ਤਾਲਾਬੰਦੀ
ਪੰਚਕੂਲਾ (ਪੀ.ਪੀ ਵਰਮਾ): ਕਰੋਨਾ ਮਹਾਮਾਰੀ ਦੇ ਵਧਦੇ ਸੰਕਟ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਪੰਚਕੂਲਾ ਸਮੇਤ ਗੁਰੂਗ੍ਰਾਮ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ਵਿੱਚ ਅੱਜ ਰਾਤ ਸ਼ੁੱਕਰਵਾਰ ਤੋਂ ਲੌਕਡਾਊਨ ਸ਼ੁਰੂ ਕਰ ਦਿੱਤਾ ਹੈ, ਜੋ ਕਿ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਲੌਕਡਾਊਨ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜਿਵੇਂ ਕਿ ਪੈਟਰੋਲ ਪੰਪ, ਐੱਲਪੀਜੀ ਗੈਸ ਸਪਲਾਈ, ਮੈਡੀਕਲ ਦੁਕਾਨਾਂ, ਪ੍ਰਾਈਵੇਟ ਸਕਿਉਰਟੀ ਸੇਵਾਵਾਂ, ਬੈਂਕਾਂ ਦੇ ਏਟੀਐੱਮ ਅਤੇ ਦੁੱਧ ਦੀ ਸਪਲਾਈ ਜਾਰੀ ਰਹੇਗੀ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਟਵੀਟ ਕਰਕੇ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਉਹ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਨਾ ਵਰਤਣ।